ਕਿਊਬੈਕ: ਓਮੀਕਰੌਨ ਦੇ ਵਧਦੇ ਕੇਸਾਂ ਵਿਚਾਲੇ ਕੈਨੇਡਾ ਦੇ ਕਿਊਬੈਕ ਸੂਬੇ ਦੀ ਸਰਕਾਰ ਵੈਕਸੀਨ ਲਗਵਾਉਣ ਤੋਂ ਟਾਲ਼ਾ ਵੱਟਣ ਵਾਲਿਆਂ ਵਿਰੁੱਧ ਸਖ਼ਤ ਕਦਮ ਚੁੱਕਣ ਜਾ ਰਹੀ ਹੈ।
ਕਿਊਬੈਕ ਦੇ ਪ੍ਰੀਮੀਅਰ ਨੇ ਐਲਾਨ ਕਰ ਦਿੱਤਾ ਹੈ ਕਿ ਜਿਨ੍ਹਾਂ ਨੇ ਜਲਦ ਤੋਂ ਜਲਦ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਈ, ਉਨ੍ਹਾਂ ਨੂੰ ਹੈਲਥ ਟੈਕਸ ਅਦਾ ਕਰਨਾ ਪਏਗਾ। ਇਸ ਟੈਕਸ ਤੋਂ ਸਿਰਫ਼ ਮੈਡੀਕਲ ਛੋਟ ਵਾਲਿਆਂ ਨੂੰ ਹੀ ਰਾਹਤ ਦਿੱਤੀ ਜਾਵੇਗੀ।
ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲਿਗੌਲਟ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਉਨਾਂ ਕਿਹਾ ਕਿ ਸੂਬੇ ਵਿੱਚ ਜਿਹੜੇ ਲੋਕ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਕੋਰੋਨਾ ਦਾ ਪਹਿਲਾ ਟੀਕਾ ਲਗਵਾਉਣ ਤੋਂ ਮਨਾ ਕਰਨਗੇ, ਉਨਾਂ ‘ਤੇ ਹੈਲਥ ਟੈਕਸ ਲਾਗੂ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਹਾਲੇ ਇਹ ਨਹੀਂ ਦੱਸਿਆ ਕਿ ਇਹ ਟੈਕਸ ਕਦੋਂ ਤੋਂ ਲਾਗੂ ਹੋਵੇਗਾ ਤੇ ਇਸ ਦੀ ਲਾਗਤ ਕਿੰਨੀ ਹੋਵੇਗੀ, ਪਰ ਉਨਾਂ ਕਿਹਾ ਕਿ ਇਹ 50 ਜਾਂ 100 ਡਾਲਰ ਤੋਂ ਵੱਧ ਹੋਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਟੈਕਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।