ਐਬਟਸਫੋਰਡ : ਕੈਨੇਡਾ ਦੇ ਐਬਟਸਫੋਰਡ ਸ਼ਹਿਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ 35 ਸਾਲਾ ਪੰਜਾਬੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਜਲੰਧਰ ਦੇ ਪਿੰਡ ਕੋਹਾਲਾ ਦਾ ਵਾਸੀ 35 ਸਾਲਾ ਗੁਰਲਾਲ ਸਿੰਘ ਨਾਗਰਾ 12 ਸਾਲ ਪਹਿਲਾਂ ਬ੍ਰਿਟਿਸ਼ ਕਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਗਿਆ ਸੀ। ਬੀਤੇ ਦਿਨੀਂ ਉਸ ਦੀ ਅਚਨਚੇਤ ਮੌਤ ਹੋ ਗਈ। ਪੁਲਿਸ ਨੇ ਉਸ ਦੀ ਲਾਸ਼ ਕਬਜੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੌਤ ਦੇ ਕਾਰਨਾਂ ਬਾਰੇ ਅਗਲੇ ਕੁੱਝ ਦਿਨਾਂ ਵਿੱਚ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਬਾਅਦ ਹੀ ਪਤਾ ਲੱਗ ਸਕੇਗਾ। ਗੁਰਲਾਲ ਸਿੰਘ ਨਾਗਰਾ ਕੋਹਾਲਾ ਪਿੰਡ ਦੇ ਵਾਸੀ ਸੁਖਦੇਵ ਸਿੰਘ ਰਾਣਾ ਦਾ ਪੁੱਤਰ ਸੀ, ਜੋ ਕਿ ਆਮ ਆਦਮੀ ਪਾਰਟੀ ਸਰਕਲ ਲਾਂਬੜਾ ਦੇ ਪ੍ਰਧਾਨ ਹਨ।
ਸੁਖਦੇਵ ਸਿੰਘ ਨੇ ਦੱਸਿਆ ਕਿ ਉਨਾਂ ਦਾ ਪੁੱਤਰ ਗੁਰਲਾਲ ਸਿੰਘ ਪਿਛਲੇ 12 ਸਾਲ ਤੋਂ ਐਬਟਸਫੋਰਡ ਵਿੱਚ ਰਹਿ ਰਿਹਾ ਸੀ। ਉਸ ‘ ਲਗਭਗ 4 ਸਾਲ ਪਹਿਲਾਂ 2018 ਵਿੱਚ ਵਿਆਹ ਹੋਇਆ ਸੀ, ਪਰ ਉਹ ਕਈ ਸਾਲ ਤੋਂ ਆਪਣੇ ਵਤਨ ਨਹੀਂ ਆ ਸਕਿਆ। ਗੁਰਲਾਲ ਦੀ ਅਚਾਨਕ ਮੌਤ ਕਾਰਨ ਉਸ ਦਾ ਪਰਿਵਾਰ, ਪਿੰਡ ਵਾਸੀ ਅਤੇ ਇਲਾਕਾ ਵਾਸੀ ਬੇਹੱਦ ਚਿੰਤਤ ਅਤੇ ਸ਼ੋਕ ਵਿੱਚ ਡੁੱਬੇ ਹੋਏ ਹਨ।