ਟੋਰਾਂਟੋ: ਕੈਨੇਡਾ ’ਚ ਓਮੀਕਰੌਨ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਓਨਟਾਰੀਓ ਸੂਬੇ ਵਿੱਚ ਪਹਿਲੀ ਵਾਰ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ।
ਬੀਤੇ 24 ਘੰਟਿਆਂ ਦੌਰਾਨ ਸੂਬੇ ਵਿੱਚ 10 ਹਜ਼ਾਰ 412 ਨਵੇਂ ਕੇਸ ਮਿਲੇ ਤੇ 4 ਮਰੀਜ਼ਾਂ ਨੇ ਮਹਾਂਮਾਰੀ ਦੇ ਚਲਦਿਆਂ ਦਮ ਤੋੜ ਦਿੱਤਾ। ਨਵੇਂ ਕੇਸਾਂ ਵਿੱਚ ਵਾਧਾ ਚਿਤਾਵਨੀ ਸਾਬਤ ਹੋ ਸਕਦਾ ਹੈ।
ਉੱਧਰ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਵੀ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਨੇ, ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਪਬਲਿਕ ਹੈਲਥ ਓਨਟਾਰੀਓ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਸ਼ੁੱਕਰਵਾਰ ਨੂੰ ਰੋਜ਼ਾਨਾ ਕੇਸ 9571 ਤੱਕ ਆਏ ਸਨ, ਜਦਕਿ ਵੀਰਵਾਰ ਨੂੰ ਇਨ੍ਹਾਂ ਕੇਸਾਂ ਦੀ ਗਿਣਤੀ 4383 ਤੇ ਬੁੱਧਵਾਰ ਅਤੇ ਉਸ ਤੋਂ ਪਹਿਲਾਂ ਇਹ ਅੰਕੜਾ 4353 ਤੱਕ ਆ ਰਿਹਾ ਸੀ, ਪਰ ਐਤਵਾਰ ਨੂੰ ਇਹ ਕੇਸ ਵਧ ਕੇ 10 ਹਜ਼ਾਰ 412 ਤੱਕ ਚਲੇ ਗਏ ਹਨ, ਜੋ ਕਿ ਚਿੰਤਾ ਵਧਾ ਰਹੇ ਹਨ।