ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸੋਮਵਾਰ ਨੂੰ ਰਾਜ ਸਭਾ ‘ਚ ਸੱਤਾਧਾਰੀ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਹੁਤ ਜਲਦੀ ਤੁਹਾਡੇ ਲੋਕਾਂ ਦੇ ਬੁਰੇ ਦਿਨ ਆਉਣ ਵਾਲੇ ਹਨ। ਜਯਾ ਬੱਚਨ ਦਾ ਇਹ ਗੁੱਸਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਦਨ ‘ਚ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਬਿੱਲ 2021 ‘ਤੇ ਚਰਚਾ ਚੱਲ ਰਹੀ ਸੀ।
ਜਯਾ ਬੱਚਨ ਨੇ ਸਪੀਕਰ ਨੂੰ ਕਿਹਾ ਕਿ ਮੇਰੇ ‘ਤੇ ਨਿੱਜੀ ਤੌਰ ‘ਤੇ ਟਿੱਪਣੀਆਂ ਕੀਤੀਆਂ ਗਈਆਂ ਹਨ ਪਰ ਮੈਂ ਕਿਸੇ ‘ਤੇ ਕੋਈ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਕਿਹਾ ਕਿ ਤੁਸੀਂ ਕਿਸ ਦੇ ਸਾਹਮਣੇ ਬੀਨ ਵਜਾ ਰਹੇ ਹੋ? ਸੰਸਦ ਮੈਂਬਰ ਜਯਾ ਬੱਚਨ ਦੇ ਹਮਲੇ ਤੋਂ ਬਾਅਦ ਸਦਨ ਵਿੱਚ ਹੰਗਾਮਾ ਤੇਜ਼ ਹੋ ਗਿਆ ਅਤੇ ਪ੍ਰਧਾਨਗੀ ਸਪੀਕਰ ਨੇ ਸਦਨ ਦੀ ਕਾਰਵਾਈ ਪੰਜ ਵਜੇ ਤੱਕ ਮੁਲਤਵੀ ਕਰ ਦਿੱਤੀ।
ਗੁੱਸੇ ’ਚ ਆਈ ਜਯਾ ਨੇ ਚੇਅਰ ਨੂੰ ਕਿਹਾ ਕਿ ਉਸ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀ ਸੰਘੀ ਘੁਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਐੱਨਡੀਪੀਐੱਸ (ਸੋਧ) ਬਿੱਲ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਜਯਾ ਬੱਚਨ ਨੇ ਵਿਰੋਧੀ ਧਿਰ ਦੇ ਮੁਅੱਤਲ 12 ਮੈਂਬਰਾਂ ਦਾ ਮੁੱਦਾ ਉਠਾਉਣਾ ਚਾਹਿਆ ਤੇ ਭੁਬਨੇਸ਼ਵਰ ਕਾਲਿਤਾ ਦਾ ਨਾਮ ਲਏ ਬਿਨਾਂ ਕਿਹਾ ਕਿ ਉਹ ਖੁਦ ਵੀ ਸਦਨ ਵਿਚਕਾਰ ਆ ਕੇ ਪ੍ਰਦਰਸ਼ਨ ਕਰਦੇ ਸਨ।