ਬਰੈਂਪਟਨ: ਬਰੈਂਪਟਨ ਦੇ ਚਾਂਦਨੀ ਬੈਂਕਟ ਹਾਲ ‘ਚ ਹੋਈ ਗੋਲੀਬਾਰੀ ਦੌਰਾਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕੁਈਨ ਸਟ੍ਰੀਟ ਈਸਟ ਅਤੇ ਟੌਰਬਮ ਰੋਡ ‘ਤੇ ਸਥਿਤ ਚਾਂਦਨੀ ਬੈਕਟ ਹਾਲ ‘ਚ ਸਵੇਰੇ ਤਕਰੀਬਨ 3.50 ਵਜੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ ਅਤੇ ਮੌਕੇ ‘ਤੇ ਪੁੱਜੇ ਅਫ਼ਸਰਾਂ ਨੂੰ ਇੱਕ ਔਰਤ ਜ਼ਖ਼ਮੀ ਹਾਲਤ ‘ਚ ਮਿਲੀ।
ਮੌਕੇ ਤੋਂ ਕੁਝ ਦੂਰੀ ‘ਤੇ ਇੱਕ ਹਾਦਸਾਗ੍ਰਸਤ ਗੱਡੀ ‘ਚ ਇਕ ਵਿਅਕਤੀ ਜ਼ਖ਼ਮੀ ਹਾਲਤ ‘ਚ ਮਿਲਿਆ ਜਿਸ ਦੇ ਗੋਲੀ ਲੱਗੀ ਹੋਈ ਸੀ। ਦੋਵਾਂ ਨੂੰ ਟਰੌਮਾ ਸੈਂਟਰ ‘ਚ ਦਾਖ਼ਲ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੀਲ ਪੁਲਿਸ ਦੀ ਕਾਂਸਟੇਬਲ ਸਾਰਾਹ ਪੈਟਨ ਨੇ ਕਿਹਾ ਕਿ ਇਹ ਮਾਮਲਾ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦਾ ਮਹਿਸੂਸ ਹੋ ਰਿਹਾ ਹੈ। ਫ਼ਿਲਹਾਲ ਕਿਸੇ ਸ਼ੱਕੀ ਦੀ ਪੈੜ ਨੱਪੀ ਨਹੀਂ ਜਾ ਸਕੀ ਪਰ ਪੂਰੇ ਇਲਾਕੇ ‘ਚ ਪੁਲਿਸ ਤਾਇਨਾਤ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਕਨਵੈਨਸ਼ਨ ਸੈਂਟਰ ‘ਚ ਸੰਭਾਵਤ ਤੌਰ ‘ਤੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਜਦੋਂ ਗੋਲੀਆਂ ਚੱਲੀਆਂ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਦੀ ਡੈਸ਼ਕੈਮ ਫੁਟੇਜ ਹੋਵੇ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।