ਨਵੀਆਂ ਦਰਾਂ 1 ਦਸੰਬਰ ਤੋਂ ਹੋਣਗੀਆਂ ਲਾਗੂ
ਮੁੰਬਈ/ਨਵੀਂ ਦਿੱਲੀ : ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਵੀ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
ਐਤਵਾਰ ਨੂੰ ਜਾਰੀ ਬਿਆਨ ‘ਚ ਕੰਪਨੀ ਨੇ ਕਿਹਾ ਕਿ ਨਵੀਆਂ ਕੀਮਤਾਂ 1 ਦਸੰਬਰ ਤੋਂ ਲਾਗੂ ਹੋਣਗੀਆਂ। ਹਾਲਾਂਕਿ, ਜੀਓ ਨੇ ਦਾਅਵਾ ਕੀਤਾ ਹੈ ਕਿ ਇਸ ਵਾਧੇ ਤੋਂ ਬਾਅਦ ਵੀ, ਉਸਦੇ ਪਲਾਨਸ ਦੀਆਂ ਕੀਮਤਾਂ ਉਦਯੋਗ ਵਿੱਚ ਸਭ ਤੋਂ ਘੱਟ ਰਹਿਣਗੀਆਂ।
ਕੰਪਨੀ ਵੱਲੋਂ ਕੀਤੇ ਐਲਾਨ ਅਨੁਸਾਰ ਜਿਓ ਦੇ ਵੱਖ-ਵੱਖ ਪ੍ਰੀਪੇਡ ਪਲਾਨ ‘ਚ 31 ਰੁਪਏ ਤੋਂ 480 ਰੁਪਏ ਤੱਕ ਦਾ ਵਾਧਾ ਹੋਇਆ ਹੈ।
ਜੀਓ ਫੋਨ ਲਈ ਖਾਸ ਤੌਰ ‘ਤੇ ਲਿਆਂਦੇ ਗਏ ਪੁਰਾਣੇ 75 ਰੁਪਏ ਵਾਲੇ ਪਲਾਨ ਦੀ ਨਵੀਂ ਕੀਮਤ ਹੁਣ 91 ਰੁਪਏ ਹੋਵੇਗੀ। ਇਸ ਦੇ ਨਾਲ ਹੀ ਅਨਲਿਮਟਿਡ ਪਲਾਨ ਲਈ 129 ਰੁਪਏ ਦੇ ਟੈਰਿਫ ਪਲਾਨ ਲਈ ਹੁਣ ਤੁਹਾਨੂੰ 155 ਰੁਪਏ ਦੇਣੇ ਹੋਣਗੇ। ਇੱਕ ਸਾਲ ਦੀ ਵੈਧਤਾ ਵਾਲੇ ਟੈਰਿਫ ਪਲਾਨ ਵਿੱਚ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ।
ਇੱਕ ਸਾਲ ਦੀ ਵੈਲੀਡਿਟੀ ਪਲਾਨ ਪਹਿਲਾਂ 2399 ਰੁਪਏ ਵਿੱਚ ਉਪਲਬਧ ਸੀ, ਪਰ ਹੁਣ ਗਾਹਕ ਨੂੰ ਇਸਦੇ ਲਈ 2879 ਰੁਪਏ ਖਰਚ ਕਰਨੇ ਪੈਣਗੇ।
ਉਧਰ ਜੀਓ ਦੇ ਡੇਟਾ ਐਡ-ਆਨ ਪਲਾਨ ਦੀਆਂ ਦਰਾਂ ਵੀ ਵਧੀਆਂ ਹਨ।
6 ਜੀਬੀ ਵਾਲਾ 51 ਰੁਪਏ ਵਾਲਾ ਪਲਾਨ 61, 101 ਰੁਪਏ ਵਾਲਾ ਪਲਾਨ 121 ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਸਭ ਤੋਂ ਵੱਡਾ 50 ਜੀਬੀ ਪਲਾਨ ਵੀ 50 ਰੁਪਏ ਮਹਿੰਗਾ ਹੋ ਕੇ 301 ਰੁਪਏ ਦਾ ਹੋ ਗਿਆ ਹੈ।