ਨਵੀਂ ਦਿੱਲੀ : ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ । ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ‘ਚ ਚੈਕਅੱਪ ਤੋਂ ਬਾਅਦ ਭਰਤੀ ਕਰਵਾਇਆ ਗਿਆ।
ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਲਾਲੂ ਦੀ ਹਾਲਤ ਨਾਜ਼ੁਕ ਨਹੀਂ ਹੈ ਪਰ ਉਨ੍ਹਾਂ ਨੂੰ ਕੁਝ ਸਮੇਂ ਤੋਂ ਬੁਖਾਰ ਹੈ। ਫਿਲਹਾਲ ਉਨਾਂ ਦਾ ਖੂਨ ਜਾਂਚ ਲਈ ਲਿਆ ਗਿਆ ਹੈ ਅਤੇ ਡਾਕਟਰਾਂ ਨੂੰ ਰਿਪੋਰਟ ਦਾ ਇੰਤਜ਼ਾਰ ਹੈ।
ਇਸ ਤੋਂ ਪਹਿਲਾਂ ਲਾਲੂ ਅਗਸਤ ਵਿੱਚ ਰੁਟੀਨ ਚੈਕਅੱਪ ਲਈ ਦਿੱਲੀ ਦੇ ਏਮਜ਼ ਵੀ ਪੁੱਜੇ ਸਨ। ਦੂਜੇ ਪਾਸੇ ਲਾਲੂ ਦੇ ਏਮਜ਼ ‘ਚ ਅਚਾਨਕ ਪਹੁੰਚਣ ਨਾਲ ਸਮਰਥਕਾਂ ਦੀ ਚਿੰਤਾ ਵਧ ਗਈ ਸੀ ਪਰ ਜਦੋਂ ਪਤਾ ਲੱਗਾ ਕਿ ਉਹ ਇੱਥੇ ਰੂਟੀਨ ਚੈਕਅੱਪ ਲਈ ਆਏ ਹਨ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਲਾਲੂ ਪ੍ਰਸਾਦ ਇਸ ਸਮੇਂ ਕਈ ਬੀਮਾਰੀਆਂ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਇਲਾਜ ਦਿੱਲੀ ਏਮਜ਼ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਚੱਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਪਿਛਲੇ ਦਿਨੀਂ ਦੱਸਿਆ ਸੀ ਕਿ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਠੀਕ ਹੋ ਰਹੀ ਹੈ।