ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਪਟਿਆਲਾ ਤੋਂ ਕਾਂਗਰਸ ਦੀ ਲੋਕ ਸਭਾ ਮੈਂਬਰ ਪਰਨੀਤ ਕੌਰ ਦੇ ਨਾਲ ਜੁੜੀ ਹੈ। ਕਾਂਗਰਸ ਪਾਰਟੀ ਨੇ ਬੁੱਧਵਾਰ ਦੇਰ ਸ਼ਾਮ ਪਰਨੀਤ ਕੌਰ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ‘ਨੋਟਿਸ’ ਜਾਰੀ ਕੀਤਾ ਹੈ।
ਇਹ ਨੋਟਿਸ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਵਿਚ MP ਪਰਨੀਤ ਕੌਰ ਤੋਂ ਪੁੱਛਿਆ ਗਿਆ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਕਿਉਂ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹਨ ?
‘ਨੋਟਿਸ’ ਵਿੱਚ ਕਿਹਾ ਗਿਆ ਹੈ ਪਾਰਟੀ ਨੇ ਉਨ੍ਹਾਂ ਦੇ ਉਨ੍ਹਾਂ ਖੁੱਲ੍ਹੇ ਐਲਾਨਾਂ ਦਾ ਵੀ ਨੋਟਿਸ ਲਿਆ ਹੈ, ਜਿਸ ਵਿਚ ਤੁਸੀਂ ਆਪਣੇ ਪਤੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਅੰਤ ਵਿੱਚ ਸੰਸਦ ਮੈਂਬਰ ਪਰਨੀਤ ਕੌਰ ਨੂੰ 7 ਦਿਨਾਂ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਗਿਆ ਹੈ, ਨਹੀਂ ਤਾਂ ਉਨ੍ਹਾਂ ਖਿਲਾਫ ਪਾਰਟੀ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਹੈ।

ਕਾਂਗਰਸ ਵੱਲੋਂ ਪਰਨੀਤ ਕੌਰ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਸਾਫ਼ ਹੈ ਕਿ ਪੰਜਾਬ ਕਾਂਗਰਸ ਇੱਕ ਹੋਰ ਸਿਆਸੀ ਧਮਾਕੇ ਲਈ ਤਿਆਰ ਹੈ। ਇਹ ਵੀ ਸਾਫ਼ ਹੈ ਕਿ ਪਾਰਟੀ ਹੁਣ ਕੈਪਟਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਰਿਆਇਤ ਨਹੀਂ ਦੇਵੇਗੀ।

