ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਤੇ ਸਾਂਸਦ ਗੌਤਮ ਗੰਭੀਰ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ ‘ਆਈਐਸਆਈਐਸ ਕਸ਼ਮੀਰ’ ਤੋਂ ਈਮੇਲ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਗੌਤਮ ਗੰਭੀਰ ਨੇ ਇਸ ਸਬੰਧੀ ਦਿੱਲੀ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਸੈਂਟਰਲ ਸ਼ਵੇਤਾ ਚੌਹਾਨ ਨੇ ਕਿਹਾ ਕਿ ਸਾਂਸਦ ਗੌਤਮ ਗੰਭੀਰ ਨੂੰ ਧਮਕੀ ਭਰੀ ਮੇਲ ‘ਆਈਐਸਆਈਐਸ ਕਸ਼ਮੀਰ’ ਵਲੋਂ ਭੇਜੀ ਗਈ ਹੈ। ਅਸੀਂ ਇਸ ਬਾਰੇ ਜਾਂਚ ਕਰ ਰਹੇ ਹਾਂ।
ਦੱਸਣਯੋਗ ਹੈ ਕਿ ਭਖਵੇਂ ਮੁੱਦਿਆਂ ’ਤੇ ਖੁਲ੍ਹ ਕੇ ਬੋਲਣ ਵਾਲੇ ਗੌਤਮ ਗੰਭੀਰ ਅਕਸਰ ਕਸ਼ਮੀਰ ਦੇ ਖ਼ਿਲਾਫ਼ ਬੋਲਣ ਵਾਲਿਆਂ ਦੀ ਕਲਾਸ ਲਗਾ ਦਿੰਦੇ ਹਨ। ਗੌਤਮ ਗੰਭੀਰ ਨੇ ਹਾਲ ਹੀ ਵਿਚ ਸਿੱਧੂ ਦੀ ਵੀ ਆਲੋਚਨਾ ਕੀਤੀ ਸੀ। ਉਨ੍ਹਾਂ ਸਿੱਧੂ ਵਲੋਂ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣਾ ਰਾਸ ਨਹੀਂ ਆਇਆ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ‘ਪਹਿਲਾਂ ਅਪਣੇ ਬੇਟੇ ਜਾਂ ਬੇਟੀ ਨੂੰ ਬਾਰਡਰ ’ਤੇ ਭੇਜੋ ਅਤੇ ਫੇਰ ਇੱਕ ਅੱਤਵਾਦੀ ਮੁਲਕ ਦੇ ਮੁਖੀ ਨੂੰ ਅਪਣਾ ਵੱਡਾ ਭਰਾ ਕਹਿਣਾ।’ ਗੰਭੀਰ ਦਾ ਇਹ ਟੀਵਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ।