ਚੰਡੀਗੜ੍ਹ: 2022 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਪੰਜਾਬ ਵੱਲੋਂ ਆਪਣੇ ਬੂਥ ਪੱਧਰੀ ਜਥੇਬੰਦਕ ਢਾਂਚੇ ਨੂੰ ਹੋਰ ਸਰਗਰਮ ਅਤੇ ਮਜ਼ਬੂਤ ਕਰਨ ਲਈ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਜਥੇਬੰਦਕ ਮੀਟਿੰਗਾਂ ਦਾ ਆਯੋਜਨ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਕੀਤਾ ਗਿਆ, ਜਿਸ ‘ਚ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ, ਸਰਕਲਾਂ ਦੇ ਪ੍ਰਧਾਨਾਂ ਅਤੇ ਉਨ੍ਹਾਂ ਦੇ ਜਨਰਲ ਸਕੱਤਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਉਹਨਾਂ ਦਾ ਮਾਰਗ-ਦਰਸ਼ਨ ਕੀਤਾ। ਪਾਰਟੀ ਦਫ਼ਤਰ ਪੁੱਜਣ ‘ਤੇ ਅਸ਼ਵਨੀ ਸ਼ਰਮਾ ਨੇ ਗਜੇਂਦਰ ਸਿੰਘ ਸ਼ੇਖਾਵਤ ਦਾ ਫੁੱਲਾਂ ਦਾ ਗੁਲਦਸਤੇ ਅਤੇ ਦੁਸ਼ਾਲਾ ਭੇਟ ਕਰਕੇ ਸਵਾਗਤ ਕੀਤਾI ਮੀਟਿੰਗ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਸੋਬਾਈ ਚੋਣ ਕੋ-ਇੰਚਾਰਜ ਸ਼੍ਰੀਮਤੀ ਮੀਨਾਕਸ਼ੀ ਲੇਖੀ, ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਰਾਸ਼ਟਰੀ ਸਕੱਤਰ ਅਤੇ ਪ੍ਰਦੇਸ਼ ਭਾਜਪਾ ਦੇ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. .ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ ਤੇ ਦਿਆਲ ਸਿੰਘ ਸੋਢੀ ਵੀ ਹਾਜ਼ਰ ਸਨ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਸੋਧੇ ਹੋਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਲੋਕਤੰਤਰੀ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਅਸੀਂ ਇਨ੍ਹਾਂ ਕਾਨੂੰਨਾਂ ਦੇ ਲਾਭਾਂ ਬਾਰੇ ਕਿਸਾਨਾਂ ਦੇ ਇੱਕ ਵਰਗ ਨੂੰ ਨਹੀਂ ਸਮਝਾ ਸਕੇ, ਇਸ ਲਈ ਲੋਕਤੰਤਰੀ ਸੀਮਾਵਾਂ ਵਿੱਚ ਵਿਸ਼ਵਾਸ ਕਰਦੇ ਹੋਏ, ਇਹਨਾਂ ਨੂੰ ਵਾਪਸ ਲੈ ਰਹੇ ਹਾਂ। ਸ਼ਰਮਾ ਨੇ ਕਿਹਾ ਕਿ ਕੋਈ ਵੱਡੇ-ਦਿਲ ਵਾਲਾ ਪ੍ਰਧਾਨ ਮੰਤਰੀ ਹੀ ਅਜਿਹਾ ਕੰਮ ਕਰ ਸਕਦਾ ਹੈ, ਜੋ ਆਪਣੇ ਦੇਸ਼ ਅਤੇ ਆਪਣੀ ਪਰਜਾ ਦੀ ਪਰਵਾਹ ਕਰਦਾ ਹੋਵੇ। ਵੈਸੇ, ਸੁਪਰੀਮ ਕੋਰਟ ਨੇ ਇਨ੍ਹਾਂ ਕਾਨੂੰਨਾਂ ਨੂੰ ਪਹਿਲਾਂ ਹੀ ਡੇਢ ਸਾਲ ਲਈ ਮੁਅੱਤਲ ਕਰ ਦਿੱਤਾ ਸੀ। ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਦੀਆਂ ਉਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਕਦਮ ਦੀ ਸ਼ਲਾਘਾ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਕਾਨੂੰਨ ਨੂੰ ਵਾਪਸ ਲੈਣ ਤੋਂ ਬਾਅਦ ਕਿਸਾਨ ਅੰਦੋਲਨ ਵਾਪਸ ਹੋਣਾ ਚਾਹੀਦਾ ਸੀ, ਪਰ ਵਿਰੋਧੀ ਧਿਰਾਂ ਦੇ ਬਹਿਕਾਵੇ ਕਾਰਨ ਕਿਸਾਨ ਅਜੇ ਵੀ ਅਜਿਹਾ ਨਹੀਂ ਕਰ ਰਹੇ, ਇਹ ਬਹੁਤ ਹੀ ਦੁੱਖ ਦੀ ਗੱਲ ਹੈ।
ਸ਼ਵਨੀ ਸ਼ਰਮਾ ਨੇ ਕਿਸਾਨ ਜਥੇਬੰਦੀਆਂ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਜੋ ਵਾਅਦਾ ਕੀਤਾ ਸੀ, ਉਹ ਕਿੰਨੇ ਕਿਸਾਨਾਂ ਨਾਲ ਪੂਰਾ ਕੀਤਾ ਗਿਆ ਹੈ ਅਤੇ ਕਿਸਾਨ ਕਦੋਂ ਪੰਜਾਬ ਸਰਕਾਰ ਖ਼ਿਲਾਫ਼ ਝੰਡਾ ਬੁਲੰਦ ਕਰਨਗੇ? ਕਿਸਾਨ ਅੱਜ ਵੀ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਸਰਕਾਰ ਵਿੱਚ ਸਿਰਫ਼ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਕਾਂਗਰਸ ਵੱਲੋਂ ਕੀਤੇ ਗੁਨਾਹਾਂ ਨੂੰ ਛੁਪਾਇਆ ਨਹੀਂ ਜਾ ਸਕਦਾ। ਕਾਂਗਰਸ ਨੇ ਸਿਰਫ ਜਨਤਾ ਨਾਲ ਧੋਖਾ ਕੀਤਾ ਹੈ। ਕੋਵਿਡ ਦੌਰਾਨ ਰਾਸ਼ਨ ਘੁਟਾਲਾ, ਵਜ਼ੀਫਾ ਘੁਟਾਲਾ, ਜਾਅਲੀ ਸ਼ਰਾਬ ਘੁਟਾਲਾ, ਜੀਐਸਟੀ ਘੁਟਾਲਾ, ਗੈਰ-ਕਾਨੂੰਨੀ ਮਾਈਨਿੰਗ ਘੁਟਾਲਾ, ਬੀਜ ਘੁਟਾਲਾ, ਮਾਲ ਵਿਭਾਗ ਘੁਟਾਲਾ ਆਦਿ ਸਭ ਕਾਂਗਰਸੀ ਮੰਤਰੀਆਂ ਅਤੇ ਉਹਨਾਂ ਦੇ ਚਹੇਤਿਆਂ ਨੇ ਕੀਤੇ ਹਨ। ਉਦੋਂ ਪੰਜਾਬ ਦੀ ਕਾਂਗਰਸ ਸਰਕਾਰ ਕਿੱਥੇ ਸੀ, ਕਿ ਉਨ੍ਹਾਂ ਨੂੰ ਉਦੋਂ ਇਹ ਸਭ ਕੁਝ ਨਜ਼ਰ ਨਹੀਂ ਆਇਆ, ਹੁਣ ਫਿਰ ਵੀ ਉਹੀ ਮੰਤਰੀ ਅਤੇ ਆਗੂ ਹਨ, ਇਨ੍ਹਾਂ ਸਾਰਿਆਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਚੰਨੀ ਸਰਕਾਰ ਨੇ ਕਿਉਂ ਨਹੀਂ ਕੀਤੀ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਵਿਚਾਰ ਹੈ ਕਿ ਖੇਤੀ ਮਾਹਿਰਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਅਜਿਹੇ ਕਾਨੂੰਨ ਬਣਾਏ ਜਾਣ ਜੋ ਸਬ ਨੂੰ ਪ੍ਰਵਾਨ ਹੋਣ ਅਤੇ ਜਿਸ ਰਾਹੀਂ ਦੇਸ਼ ਵਿੱਚ ਹਰਿਤ ਕ੍ਰਾਂਤੀ ਦਾ ਢਾਂਚਾ ਮੁੜ ਸਥਾਪਿਤ ਕੀਤਾ ਜਾ ਸਕੇ। ਕਿਸਾਨਾਂ ਨੂੰ ਜਮਹੂਰੀ ਰਵਾਇਤਾਂ ਦਾ ਸਤਿਕਾਰ ਕਰਦੇ ਹੋਏ ਸਰਕਾਰ ਨਾਲ ਮੇਜ਼ ‘ਤੇ ਬੈਠ ਕੇ ਆਪਣੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਸਾਰਥਕ ਗੱਲਬਾਤ ਲਈ 11 ਵਾਰ ਕੋਸ਼ਿਸ਼ ਕੀਤੀ ਸੀ, ਜੋ ਕਿ ਕਿਸਾਨਾਂ ਦੀ ਜਿੱਦ ਕਾਰਨ ਅਸਫਲ ਰਹੀ। ਵਿਰੋਧੀ ਧਿਰ ਅਤੇ ਸੂਬਾ ਸਰਕਾਰ ਵੱਲੋਂ ਜਨਤਾ ਲਈ ਕੀਤੇ ਜਾ ਰਹੇ ਮੁਫਤ ਦੇ ਐਲਾਨਾਂ ‘ਤੇ ਵਰ੍ਹਦਿਆਂ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਛੋਟੇ ਡਰਾਮੇਬਾਜ਼ ਅਤੇ ਸਿੱਧੂ ਇਸ ਤੋਂ ਵੀ ਵੱਡੇ ਡਰਾਮੇਬਾਜ਼ ਹਨ, ਦੋਵੇਂ ਅਜਿਹੇ ਐਲਾਨ ਕਰਕੇ ਆਪਣੇ ਡਰਾਮੇਬਾਜ਼ ਹੋਣ ਦਾ ਸਬੂਤ ਦੇ ਰਹੇ ਹਨ। ਸ਼ਰਮਾ ਨੇ ਪੁੱਛਿਆ ਕਿ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਮੁਫਤ ਐਲਾਨਾਂ ਲਈ ਪੈਸਾ ਕਿੱਥੋਂ ਆਵੇਗਾ, ਕੀ ਉਨ੍ਹਾਂ ਕੋਲ ਕੋਈ ਜਵਾਬ ਹੈ? ਚੰਨੀ ਅਤੇ ਕੇਜਰੀਵਾਲ ਦੋਵੇਂ ਪੰਜਾਬ ਦੇ ਲੋਕਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਝੂਠੇ ਵਾਅਦੇ ਕਰਕੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੀ ਜ਼ਮੀਨੀ ਹਕੀਕਤ ਅੱਜ ਸੂਬੇ ਦੇ ਲੋਕ ਭਲੀਭਾਂਤ ਜਾਣ ਚੁੱਕੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਜੋ ਵੀ ਕਹੇਗੀ ਉਸ ਨੂੰ ਪੂਰਾ ਕਰੇਗੀ, ਕਿਉਂਕਿ ਭਾਜਪਾ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਜਨਤਾ ਅਤੇ ਵਪਾਰੀਆਂ ਨਾਲ ਗੱਲ ਕਰਕੇ ਤਿਆਰ ਕੀਤਾ ਜਾਵੇਗਾ ਅਤੇ ਭਾਜਪਾ ਇਸ ਪ੍ਰਤੀ ਵਚਨਬੱਧ ਹੈ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੋਵੇਗੀI ਭਾਜਪਾ ਪੰਜਾਬ ਨੂੰ ਮਾਫੀਆ ਮੁਕਤ, ਭ੍ਰਿਸ਼ਟਾਚਾਰ ਮੁਕਤ, ਨਸ਼ਾ ਮੁਕਤ ਅਤੇ ਰੁਜ਼ਗਾਰ ਭਰਪੂਰ ਪੰਜਾਬ ਦੇਣ ਦਾ ਵਾਅਦਾ ਕਰਦੀ ਹੈ ਅਤੇ ਇਸ ਲਈ ਵਚਨਬੱਧ ਹੈ।