ਚੰਡੀਗੜ੍ਹ: ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਗਾਤਾਰ ਦੂਜੇ ਦਿਨ ਇਕ ਹੋਰ ਝਟਕਾ ਲੱਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਹੁਣ ਆਰਬਿੱਟ ਬੱਸ ਸਰਵਿਸ ਨੂੰ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਨਿਊ ਦੀਪ ਬੱਸ ਸਰਵਿਸ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਇਸ ਨਿੱਜੀ ਬੱਸ ਉਪਰੇਟਰ ਨੂੰ ਵੀ ਰਾਹਤ ਪ੍ਰਦਾਨ ਕੀਤੀ ਸੀ।
ਆਰਬਿੱਟ ਬੱਸ ਸਰਵਿਸ ਨੇ ਅਦਾਲਤ ਵਿੱਚ ਪਟੀਸ਼ਨ ਪਾ ਕੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਉਲੰਘਣਾ ਨਾ ਕੀਤੇ ਜਾਣ ਅਤੇ ਨਿਯਮਾਂ ਅਨੁਸਾਰ ਟੈਕਸ ਭਰੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਬੱਸਾਂ ਟਰਾਂਸਪੋਰਟ ਮੰਤਰੀ ਦੇ ਹੁਕਮਾਂ ’ਤੇ ਜ਼ਬਤ ਕੀਤੀਆਂ ਗਈਆਂ ਅਤੇ ਪਰਮਿਟ ਰੱਦ ਕੀਤੇ ਗਏ ਹਨ।
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਹਾਈ ਕੋਰਟ ਨੇ ਆਰਬਿੱਟ ਬੱਸ ਸਰਵਿਸ ਦੀਆਂ ਬੱਸਾਂ ’ਤੇ ਕੀਤੀ ਗਈ ਕਾਰਵਾਈ ’ਤੇ ਰੋਕ ਲਗਾਉਂਦੇ ਹੋਏ ਬੱਸਾਂ ਨੂੰ ਤੁਰੰਤ ਪ੍ਰਭਾਵ ਨਾਲ ਛੱਡਣ ਦੇ ਹੁਕਮ ਦਿੱਤੇ ਹਨ।