ਵਿਆਨਾ : ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਆਸਟਰੀਆ ਵਿੱਚ ਸੋਮਵਾਰ ਤੋਂ ਚੌਥੀ ਵਾਰ ਲਾਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਆਸਟਰੀਆ ਦੇ ਚਾਂਸਲਰ ਅਲੈਗਜ਼ੈਂਡਰ ਸ਼ੈਲੇਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਮੁਕਾਬਲਾ ਕਰਨ ਲਈ ਦੇਸ਼ ਵਿਆਪੀ ਤਾਲਾਬੰਦੀ 22 ਨਵੰਬਰ ਤੋਂ ਲਾਗੂ ਕੀਤੀ ਜਾਵੇਗੀ।
ਸ਼ੈਲੇਨਬਰਗ ਨੇ ਕਿਹਾ ਕਿ ਤਾਲਾਬੰਦੀ ਸੋਮਵਾਰ ਤੋਂ ਸ਼ੁਰੂ ਹੋਵੇਗੀ, ਇਹ 20 ਦਿਨਾਂ ਲਈ ਹੋਵੇਗੀ ਅਤੇ 10 ਦਿਨਾਂ ਬਾਅਦ ਇਸਦਾ ਮੁਲਾਂਕਣ ਕੀਤਾ ਜਾਵੇਗਾ।
ਇਸ ਵਿੱਚ ਸਕੂਲਾਂ, ਰੈਸਟੋਰੈਂਟਾਂ ਵਿੱਚ ਵਿਦਿਆਰਥੀਆਂ ਲਈ ਸਿੱਧੀਆਂ ਕਲਾਸਾਂ ਨਹੀਂ ਲੱਗਣਗੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ‘ਤੇ ਵੀ ਪਾਬੰਦੀ ਹੋਵੇਗੀ।
ਕੋਵਿਡ-19 ਦੇ ਕੇਸ ਲਗਾਤਾਰ ਵੱਧਦੇ ਜਾਣ ਵਿਚਾਲੇ ਆਸਟਰੀਆ ਸਖਤ ਉਪਾਅ ਲਾਗੂ ਕਰਨ ਵਾਲਾ ਪੱਛਮੀ ਯੂਰਪ ਦਾ ਪਹਿਲਾ ਦੇਸ਼ ਬਣ ਗਿਆ ਹੈ।
ਦੂਜੇ ਯੂਰਪੀਅਨ ਦੇਸ਼ ਵੀ ਪਾਬੰਦੀਆਂ ਨੂੰ ਸਖਤ ਕਰ ਰਹੇ ਹਨ ਕਿਉਂਕਿ ਕੋਵਿਡ-19 ਦੇ ਕੇਸ ਪੂਰੇ ਮਹਾਂਦੀਪ ਵਿੱਚ ਵੱਧਦੇ ਜਾ ਰਹੇ ਹਨ, ਪਰ ਅਜੇ ਤੱਕ ਕਿਸੇ ਨੇ ਵੀ ਪੂਰੀ ਤਰ੍ਹਾਂ ਤਾਲਾਬੰਦੀ ਨਹੀਂ ਕੀਤੀ ਹੈ । ਸਿਰਫ ਵੈਟੀਕਨ ਨੇ ਸਾਰਿਆਂ ਲਈ ਟੀਕੇ ਲਗਾਉਣੇ ਲਾਜ਼ਮੀ ਕੀਤੇ ਹਨ।
ਆਸਟਰੀਆ ‘ਚ 1 ਫਰਵਰੀ ਤੋਂ ਟੀਕਾਕਰਨ ਵੀ ਲਾਜ਼ਮੀ ਕਰ ਦਿੱਤਾ ਜਾਵੇਗਾ। ਸ਼ੈਲੇਨਬਰਗ ਨੇ ਕਿਹਾ ਕਿ ਅਸੀਂ ਪੰਜਵੀਂ ਲਹਿਰ ਨਹੀਂ ਚਾਹੁੰਦੇ।