ਡੇਰਾ ਬਾਬਾ ਨਾਨਕ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਭਾਰਤ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਅੱਜ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਖੋਲ ਦਿਤਾ ਗਿਆ ਹੈ। ਉਥੇ ਹੀ ਬੀਤੀ ਸ਼ਾਮ ਕੁਝ ਸ਼ਰਧਾਲੂਆ ਵਲੋਂ ਆਨਲਾਈਨ ਅਪਲਾਈ ਕੀਤਾ ਗਿਆ ਸੀ। ਜਿਸ ਦੇ ਚਲਦੇ ਉਹਨਾਂ ਨੂੰ ਸਰਹੱਦ ਪਾਰ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਦੀ ਇਜਾਜਤ ਮਿਲੀ।
ਅੱਜ ਨਤਮਸਤਕ ਹੋਣ ਜਾ ਰਹੀ ਸੰਗਤ ਦਾ ਕਹਿਣਾ ਸੀ ਕਿ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਅਤੇ ਉਹਨਾਂ ਦੇ ਮਨ ‘ਚ ਲੰਬੇ ਸਮੇਂ ਤੋਂ ਸਰਹੱਦ ਪਾਰ ਗੁਰੂ ਦੇ ਦਰ ‘ਤੇ ਜਾਣ ਦੀ ਤਾਂਘ ਸੀ। ਇਸ ਦੇ ਨਾਲ ਹੀ ਸੰਗਤ ਨੇ ਦੱਸਿਆ ਕਿ ਉਨ੍ਹਾਂ ਤੋਂ ਕੋਵਿਡ ਟੀਕਾਕਰਣ ਦੀ ਦੋਵੇ ਡੋਜ਼ ਦੇ ਸਰਟੀਫਿਕੇਟਾਂ ਦੀ ਮੰਗ ਕੀਤੀ ਗਈ ਹੈ ਤੇ ਪਾਸਪੋਰਟ ਦਸਤਾਵੇਜਾਂ ਦੀਆਂ ਪਹਿਲੇ ਵਾਲੀਆਂ ਹੀ ਸ਼ਰਤਾਂ ਹਨ।
ਇਸ ਦੇ ਨਾਲ ਹੀ ਕੁਝ ਅਜਿਹੀ ਵੀ ਸੰਗਤ ਵੀ ਕਰਤਾਰਪੁਰ ਕੋਰੀਡੋਰ ਪਹੁੰਚ ਰਹੀ ਹੈ ਜਿਹਨਾਂ ਨੇ ਹਾਲੇ ਅਪਲਾਈ ਨਹੀਂ ਕੀਤਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਹੀ ਕਿਰਪਾ ਹੈ ਜੋ ਲਾਂਘਾ ਖੋਲ੍ਹਿਆ ਗਿਆ ਹੈ।