ਫ਼ਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਉਨ੍ਹਾਂ ਦੇ ਡਰਾਈਵਰ ਖ਼ਿਲਾਫ਼ ਇਰਾਦਾ-ਏ-ਕਤਲ ਸਣੇ ਹੋਰ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਨੋਨੀ ਮਾਨ ਅਤੇ ਉਨ੍ਹਾਂ ਦੇ ਡਰਾਈਵਰ ਪਰਮਿੰਦਰ ਸਿੰਘ ਦੇ ਖਿਲਾਫ਼ ਥਾਣਾ ਫ਼ਿਰੋਜ਼ਪੁਰ ਸਿਟੀ ਵਿੱਚ ਧਾਰਾ 307, ਆਰਮਜ਼ ਐਕਟ ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫ਼ੇਰੀ ਦੌਰਾਨ ਕਿਸਾਨਾਂ ਵੱਲੋਂ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦ ਉਨ੍ਹਾਂ ਵੱਲੋਂ ਸਮਾਂ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਨੋਨੀ ਮਾਨ ਦੀ ਕਾਰ ਰੋਕ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ। ਇਸ ਮੌਕੇ ਕੁਝ ਕਿਸਾਨ ਆਗੂ ਗੱਡੀ ਦੇ ਬੋਨਟ ’ਤੇ ਚੜ੍ਹ ਗਏ ਪਰ ਇਸ ਦੌਰਾਨ ਹੀ ਡਰਾਈਵਰ ਵੱਲੋਂ ਗੱਡੀ ਭਜਾ ਲਈ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਲਗਪਗ ਡੇਢ ਕਿੱਲੋਮੀਟਰ ਤਕ ਬੋਨਟ ’ਤੇ ਲਟਕਦਿਆਂ ਹੀ ਗੱਡੀ ਚਲਾਈ ਗਈ ‘ਤੇ ਉਨ੍ਹਾਂ ਦੇ ਬੰਦਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਉਥੇ ਹੀ ਨੋਨੀ ਮਾਨ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ’ਤੇ ਕਿਸਾਨਾਂ ਨੇ ਨਹੀਂ ਸਗੋਂ ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ, ਜਿਸ ਦੌਰਾਨ ਉਹਨਾਂ ਦੀ ਜਾਨ ਮੁਸ਼ਕਿਲ ਨਾਲ ਬਚੀ।