ਬਰੈਂਪਟਨ: ਓਨਟਾਰੀਓ ਸਥਿਤ ਇੱਕ ਕਸਬੇ ਦੇ ਗੈਸ ਸਟੇਸ਼ਨ ‘ਤੇ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਰਹੀ ਭਾਰਤੀ ਮੂਲ ਦੀ ਮਹਿਲਾ ਮੈਨੇਜਰ ਨਿਸ਼ਾ ‘ਤੇ 2 ਲੱਖ ਡਾਲਰ ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਗੈਸ ਸਟੇਸ਼ਨ ਦੇ ਮਾਲਕ ਦੀ ਸ਼ਿਕਾਇਤ `ਤੇ ਚੋਰੀ ਹੋਣ ਸਬੰਧੀ ਜਾਂਚ ਸ਼ੁਰੂ ਕੀਤੀ ਸੀ ਤੇ ਜਿਸ ਤੋਂ ਬਾਅਦ ਮੈਨੇਜਰ ‘ਤੇ ਦੋਸ਼ ਲਗਾਏ ਗਏ ਹਨ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਲੇਡੇਨ ‘ਚ ਹਾਈਵੇਅ-50 ‘ਤੇ ਸਥਿਤ ਗੈਸ ਸਟੇਸ਼ਨ ਦੇ ਮਾਲਕ ਨੇ ਬੀਤੇ ਅਕਤੂਬਰ ਮਹੀਨੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਗੈਸ ਸਟੇਸ਼ਨ ਵਿੱਚੋਂ 2 ਲੱਖ ਡਾਲਰ ਤੋਂ ਵੱਧ ਨਕਦੀ ਅਤੇ 5 ਹਜ਼ਾਰ ਡਾਲਰ ਦਾ ਹੋਰ ਸਾਮਾਨ ਚੋਰੀ ਹੋਇਆ ਹੈ।
ਪੁਲਿਸ ਕਾਂਸਟੇਬਲ ਇਆਨ ਮਿਸ਼ੇਲ ਨੇ ਦੱਸਿਆ ਪਿਛਲੇ ਮਹੀਨੇ ਸ਼ੁਰੂ ਕੀਤੀ ਗਈ ਇਸ ਕੇਸ ਦੀ ਪੜਤਾਲ ਮਗਰੋਂ ਅੱਜ ਪੁਲਿਸ ਨੇ ਬਰੈਂਪਟਨ ਦੀ 24 ਸਾਲਾ ਮਹਿਲਾ ਨਿਸ਼ਾ ਵਿਰੁੱਧ 2 ਲੱਖ ਡਾਲਰ ਤੋਂ ਵੱਧ ਨਕਦੀ ਤੇ 5 ਹਜ਼ਾਰ ਡਾਲਰ ਦਾ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਆਇਦ ਕਰ ਦਿੱਤੇ ਹਨ।