ਚੰਡੀਗੜ੍ਹ: ਮੰਗਲਵਾਰ ਸਵੇਰ ਤੋਂ ਦੇਸ਼ ਦੇ ਲੋਕਾਂ ਦੀ ਨਜ਼ਰ ਟੀਵੀ ਦੇ ਨਿਊਜ਼ ਚੈਨਲਾਂ ਉਪਰ ਟਿੱਕ ਗਈ ਸੀ। ਇਸ ਦਾ ਕਾਰਨ ਸੀ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ। ਲੋਕ ਇਹ ਨਤੀਜੇ ਇਸ ਲਈ ਉਤਸੁਕਤਾ ਨਾਲ ਦੇਖਣ ਦੇ ਚਾਹਵਾਨ ਸੀ ਕਿ ਦੇਸ਼ ਵਿੱਚ ਫੈਲ ਰਹੀ ਵੱਖ ਵੱਖ ਤਰ੍ਹਾਂ ਦੀ ਅਰਾਜਕਤਾ, ਮਹਿੰਗਾਈ ਅਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਅਸਰ ਕੀ ਹੈ। ਦੇਸ਼ ਵਿੱਚ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਕੇਂਦਰ ਸਰਕਾਰ ਵਲੋਂ ਗੰਭੀਰਤਾ ਨਾਲ ਨਾ ਲੈਣਾ ਵੀ ਚਿੰਤਾ ਦਾ ਵਿਸ਼ਾ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਪਿਛਲੇ 11 ਮਹੀਨਿਆਂ ਤੋਂ ਬੈਠੇ ਕਿਸਾਨਾਂ ਨੂੰ ਸੰਤੁਸ਼ਟ ਕਰਕੇ ਘਰਾਂ ਨੂੰ ਭੇਜਣ ਵਿੱਚ ਸਰਕਾਰ ਨਾਕਾਮ ਰਹੀ ਹੈ। ਕਿਸਾਨ ਤੇ ਉਨ੍ਹਾਂ ਦੇ ਪਰਿਵਾਰ ਅੰਦੋਲਨ ਦੇ ਆਵਾਜਾਈ ਚੱਕਰ ਵਿੱਚ ਆਪਣੀਆਂ ਜਾਨਾਂ ਵੀ ਗੁਆ ਰਹੇ ਹਨ ਪਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵੱਲ ਇਕ ਵੀ ਕਦਮ ਨਹੀਂ ਪੁੱਟ ਰਹੀ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ ਦੇਸ਼ ਭਰ ਵਿੱਚ 3 ਲੋਕ ਸਭਾ ਸੀਟਾਂ ਅਤੇ ਵੱਖ ਵੱਖ ਰਾਜਾਂ ਦੀਆਂ 29 ਵਿਧਾਨ ਸਭਾ ਸੀਟਾਂ ਦੇ ਨਤੀਜਿਆਂ ਵਿੱਚ ਗੁੱਸਾ ਨਜ਼ਰ ਆ ਰਿਹਾ ਹੈ। ਕਈ ਸੂਬਿਆਂ ਵਿੱਚ ਭਾਜਪਾ ਦੀ ਵਿਰੋਧੀ ਧਿਰ ਕਾਂਗਰਸ ਦਾ ਗ੍ਰਾਫ ਵਧਿਆ ਤੇ ਕਈ ਜਗ੍ਹਾ ਭਾਜਪਾ ਦੀ ਬੜਤ ਨਜ਼ਰ ਆਈ ਹੈ। ਅਸਾਮ, ਮੱਧ ਪ੍ਰਦੇਸ਼ ਵਿੱਚ ਭਾਜਪਾ ਦਾ ਬੋਲਬਾਲਾ ਰਿਹਾ ਜਦੋਂਕਿ ਰਾਜਸਥਾਨ ਵਿੱਚ ਕਾਂਗਰਸ ਦਾ ਹੱਥ ਉਪਰ ਰਿਹਾ ਹੈ।
ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਅਸਾਮ ਦੀਆਂ 5, ਪੱਛਮੀ ਬੰਗਾਲ ਦੀਆਂ 4, ਮੱਧ ਪ੍ਰਦੇਸ਼ ਅਤੇ ਮੇਘਾਲਿਆ ਦੀਆਂ 3-3 ਸੀਟਾਂ ਉਪਰ ਜ਼ਿਮਨੀ ਚੋਣ ਹੋਈ। ਜਦੋਂਕਿ ਬਿਹਾਰ, ਕਰਨਾਟਕ ਅਤੇ ਰਾਜਸਥਾਨ ਵਿੱਚ 2-2 ਅਤੇ ਹਰਿਆਣਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ ਅਤੇ ਮਿਜ਼ੋਰਮ ਦੀ ਇਕ ਇਕ ਸੀਟ ਉਪਰ ਜ਼ਿਮਨੀ ਚੋਣ ਹੋਈ। ਉਧਰ ਲੋਕ ਸਭਾ ਸੀਟਾਂ ਉਪਰ ਦਾਦਰਾ ਤੇ ਨਗਰ ਹਵੇਲੀ, ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਅਤੇ ਮੱਧ ਪ੍ਰਦੇਸ਼ ‘ਚ ਖੰਡਵਾ ਸੀਟ ਲਈ ਜ਼ਿਮਨੀ ਚੋਣ ਹੋਈ।
ਹਿਮਾਚਲ ਪ੍ਰਦੇਸ਼ ਦੇ ਮੰਡੀ ਦੀ ਲੋਕ ਸਭਾ ਸੀਟ ਭਾਰਤੀ ਜਨਤਾ ਪਾਰਟੀ ਦੇ ਰਾਮ ਸਵਰੂਪ ਸ਼ਰਮਾ ਦੇ ਦੇਹਾਂਤ ਕਾਰਨ ਖਾਲੀ ਹੋਈ ਸੀ। ਇਹ ਸੀਟ ਕਾਂਗਰਸ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਜਿੱਤ ਲਈ ਹੈ।
ਇਸੇ ਤਰ੍ਹਾਂ ਅਸਾਮ ਵਿੱਚ ਸੱਤਾਧਾਰੀ ਭਾਜਪਾ ਨੇ ਥੌਰਾ, ਭਬਨੀਪੁਰ, ਮਾਰੀਆਨੀ ਸੀਟਾਂ ਉਪਰ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ, ਦੂਜੇ ਪਾਸੇ ਸਹਿਯੋਗੀ ਪਾਰਟੀ ਯੂਪੀਪੀਐਲ ਨੇ ਗੋਸਾਈਂ ਗਾਂਵ ਵਿੱਚ ਜਿੱਤ ਮਿਲਣ ਦਾ ਦਾਅਵਾ ਕੀਤਾ ਹੈ। ਤੈਮੂਲਪੁਰ ਸੀਟ ਉਪਰ ਵੀ ਬੀਜੇਪੀ ਅਤੇ ਉਸ ਦੀ ਸਹਿਯੋਗੀ ਪਾਰਟੀ ਨੇ ਬੜਤ ਬਣਾਈ ਹੋਈ ਹੈ।
ਕਰਨਾਟਕ ਵਿੱਚ ਭਾਜਪਾ ਨੂੰ ਕਰਾਰਾ ਝਟਕਾ ਲੱਗਿਆ ਹੈ। ਸੂਬੇ ਦੇ ਮੁੱਖ ਮੰਤਰੀ ਦੇ ਜ਼ਿਲੇ ਵਿੱਚ ਵੋਟਾਂ ਦੀ ਸੰਨ੍ਹ ਲਗਾ ਕੇ ਇਹ ਭਾਜਪਾ ਤੋਂ ਖੋਹ ਲਿਆ ਹੈ। ਕਾਂਗਰਸ ਦੇ ਸ਼੍ਰੀਨਿਵਾਸ ਮਾਣੇ ਨੇ ਹਨਾਗਲ ਸੀਟ ‘ਤੇ ਜਿੱਤ ਦਰਜ ਕਾਰਵਾਈ ਜਦਕਿ ਸਿੰਦਗੀ ਖੇਤਰ ਦੀ ਸੀਟ ਭਾਜਪਾ ਦੇ ਖਾਤੇ ਵਿਚ ਗਈ ਹੈ।
ਰਾਜਸਥਾਨ ਵਿੱਚ 2 ਵਿਧਾਨ ਸਭਾ ਸੀਟਾਂ ਉਪਰ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਨੇ ਭਾਰੀ ਵੋਟਾਂ ਨਾਲ ਜਿੱਤ ਦਰਜ ਕਰਵਾਈ ਹੈ। ਧਰਿਆਵਧ ਅਤੇ ਵਲਭਨਗਰ ਸੀਟ ‘ਤੇ ਕਾਂਗਰਸ ਨੂੰ ਸ਼ਾਨਦਾਰ ਜਿੱਤ ਹਾਸਿਲ ਹੋਈ ਹੈ। ਭਾਜਪਾ ਇਨ੍ਹਾਂ ਵਿਧਾਨ ਸਭਾ ਖੇਤਰਾਂ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ਉਪਰ ਰਹੀ ਹੈ।
ਇਸੇ ਤਰ੍ਹਾਂ ਬੰਗਾਲ ਵਿੱਚ ਕੂਚਬਿਹਾਰ ਦੀ ਦਿਨਹਾਟਾ ਵਿਧਾਨ ਸਭਾ ਸੀਟ ਉਪਰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਪਾਰਟੀ ਨੇ ਜਿੱਤ ਦਰਜ ਕਰਵਾਈ ਹੈ। ਇਹ ਜਿੱਤ ਪਹਿਲਾਂ ਭਾਰਤੀ ਜਨਤਾ ਪਾਰਟੀ ਕੋਲ ਸੀ। ਇਸ ਦੇ ਨਾਲ ਹੀ ਖਰੜਾ ਵਿਧਾਨ ਸਭਾ ਖੇਤਰ ਅਤੇ ਗੋਸਬਾ ਵਿਧਾਨ ਸਭਾ ਖੇਤਰ ਨੂੰ ਬਰਕਰਾਰ ਰੱਖਿਆ ਹੈ।
ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਤੇ ਜਜਪਾ ਦੀ ਅਗਵਾਈ ਸਰਕਾਰ ਰਾਜ ਕਰ ਰਹੀ ਹੈ। ਹਰਿਆਣਾ ਦੇ ਏਲਨਾਬਾਦ ਜ਼ਿਮਨੀ ਚੋਣ ਵਿੱਚ ਇਨੈਲੋ ਮੁਖੀ ਅਭੈ ਚੌਟਾਲਾ ਨੇ ਜਿੱਤ ਹਾਸਿਲ ਕੀਤੀ ਹੈ। ਅਭੈ ਚੌਟਾਲਾ ਨੇ ਕੇਂਦਰ ਵਲੋਂ ਥੋਪੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿਧਾਇਕੀ ਤੋਂ ਅਸਤੀਫਾ ਦੇ ਕੇ ਅਹੁਦਾ ਤਿਆਗਿਆ ਸੀ।
ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਭਾਜਪਾ ਨੇ ਖੰਡਵਾ ਲੋਕ ਸਭਾ ਖੇਤਰ ਅਤੇ ਤਿੰਨ ਹੋਰ ਵਿਧਾਨ ਸਭਾ ਖੇਤਰਾਂ ਉਪਰ ਆਪਣਾ ਕਬਜ਼ਾ ਜਮਾ ਲਿਆ ਹੈ। ਖੰਡਵਾ ਲੋਕ ਸਭਾ ਸੀਟ ਉਪਰ ਭਾਜਪਾ ਉਮੀਦਵਾਰ ਗਿਆਨੇਸ਼ਵਰ ਪਾਟਿਲ ਜਿੱਤ ਗਏ। ਸਤਨਾ ਜ਼ਿਲੇ ਦੀ ਰਾਈਗਾਂਵ, ਨਿਵਾਡੀ ਜ਼ਿਲੇ ਦੀ ਪ੍ਰਿਥਵੀਪੁਰ ਅਤੇ ਅਲਿਰਾਜਪੁਰ ਜ਼ਿਲੇ ਦੀ ਜੋਬਤ ਵਿਧਾਨ ਸਭਾ ਸੀਟ ਉਪਰ ਭਾਜਪਾ ਨੇ ਜਿੱਤ ਦਰਜ ਕਰਵਾਈ ਹੈ।
ਹੁਣ ਜਿੱਤੇ ਹੋਏ ਉਮੀਦਵਾਰ ਅਤੇ ਉਨ੍ਹਾਂ ਦੀਆਂ ਪਾਰਟੀਆਂ ਇਸ ਦੀਆਂ ਖੁਸ਼ੀਆਂ ਮਨਾ ਰਹੀਆਂ ਹਨ। ਚੋਣਾਂ ਕੋਈ ਵੀ ਪਾਰਟੀ ਜਾਂ ਉਮੀਦਵਾਰ ਜਿੱਤੇ। ਹਰ ਸਮੇਂ ਦੇਸ਼ ਨੂੰ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਰਹੇਗੀ। ਵੱਖ ਵੱਖ ਪਾਰਟੀਆਂ ਜਿਨ੍ਹਾਂ ਵਿੱਚ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਜਿੱਤਾਂ ’ਤੇ ਖ਼ੁਸ਼ੀਆਂ ਮਨਾਉਣ ਦੀ ਥਾਂ ਦੇਸ਼ ਦੀ ਸਿਆਸੀ ਸਥਿਤੀ ਦਾ ਵਿਸ਼ਲੇਸ਼ਣ ਕਰਨ। ਇਕਜੁੱਟ ਹੋ ਕੇ ਵਿਆਪਕ ਜਨਤਕ ਮੁਹਾਜ਼ ਸਥਾਪਿਤ ਕਰਨ ਵੱਲ ਸੰਜੀਦਗੀ ਨਾਲ ਧਿਆਨ ਦੇਣ।