-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;
ਅਜੋਕੇ ਦੌਰ ਵਿੱਚ ਪੱਤਰਕਾਰੀ ਦਾ ਕਿੱਤਾ ਕੰਡਿਆਂ ਦੀ ਸੇਜ ਬਣਦਾ ਜਾ ਰਿਹਾ ਹੈ। ਸੂਚਨਾ ਕ੍ਰਾਂਤੀ ਨੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਵਿੱਚ ਕੰਮ ਕਰਦੇ ਪੱਤਰਕਾਰਾਂ ‘ਤੇ ਜਲਦੀ ਅਤੇ ਸਟੀਕ ਖ਼ਬਰਾਂ ਅਤੇ ਸਟੋਰੀਆਂ ਭੇਜਣ ਦਾ ਦਬਾਅ ਕਾਫੀ ਵਧਾ ਦਿੱਤਾ ਹੈ। ਜਿਵੇਂ ਜਿਵੇਂ ਸਮਾਜ ਅੰਦਰ ਸਮੱਸਿਆਵਾਂ ਅਤੇ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ ਤਿਵੇਂ-ਤਿਵੇਂ ਪੱਤਰਕਾਰਾਂ ੳੁੱਤੇ ਸੱਚੀਆਂ ਅਤੇ ਪੱਕੀਆਂ ਖ਼ਬਰਾਂ ਜਨਤਾ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵਧਦੀ ਜਾਂਦੀ ਹੈ। ਜ਼ਿੰਮੇਵਾਰੀ ਅਤੇ ਸੱਚਾਈ ਦਾ ਦਾਮਨ ਫੜ੍ਹ ਕੇ ਪੱਤਰਕਾਰੀ ਕਰਨ ਵਾਲੇ ਅਨੇਕਾਂ ਪੱਤਰਕਾਰਾਂ ਨੂੰ ਨਾ ਕੇਵਲ ਕਈ ਵਾਰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ ਸਗੋਂ ਅਨੇਕਾਂ ਪੱਤਰਕਾਰਾਂ ਨੂੰ ਆਪਣੀਆਂ ਜਾਨਾਂ ਤੱਕ ਵੀ ਆਪਣੇ ਫ਼ਰਜ਼ ਤੋਂ ਕੁਰਬਾਨ ਕਰ ਦੇਣੀਆਂ ਪਈਆਂ ਹਨ। ਬੜਾ ਦੁੱਖ ਹੁੰਦਾ ਹੈ ਇਹ ਜਾਣ ਕੇ ਕਿ ਸੱਚੀ-ਸੁੱਚੀ ਪੱਤਰਕਾਰੀ ਨੂੰ ਆਪਣਾ ਧਰਮ ਮੰਨ ਕੇ ਆਪਣੀਆਂ ਜਾਨਾਂ ਤੱਕ ਵਾਰ ਦੇਣ ਵਾਲੇ ਪੱਤਰਕਾਰਾਂ ਦੇ ਕਾਤਲਾਂ ਜਾਂ ਉਨ੍ਹਾ ਦਾ ਭਾਰੀ ਨੁਕਸਾਨ ਕਰਨ ਵਾਲੇ ਅਪਰਾਧੀਆਂ ਨੂੰ ਵੱਖ ਵੱਖ ਕਾਰਨਾਂ ਕਰਕੇ ਬਣਦੀਆਂ ਸਜ਼ਾਵਾਂ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ ਹਨ। ਇਸ ਕੁਚੱਜੀ ਵਿਵਸਥਾ ਦਾ ਵਿਰੋਧ ਕਰਨ ਲਈ ਅੱਜ ਦੁਨੀਆਂ ਭਰ ਵਿੱਚ ‘ ਪੱਤਰਕਾਰਾਂ ਖ਼ਿਲਾਫ਼ ਜੁਰਮ ਕਰਨ ਵਾਲੇ ਅਪਰਾਧੀਆਂ ਸਬੰਧੀ ਮੁਆਫ਼ੀ ਖ਼ਾਤਮਾ ਦਿਵਸ’ ਮਨਾਇਆ ਜਾ ਰਿਹਾ ਹੈ ਤੇ ਉਨ੍ਹਾ ਬਹਾਦਰ ਤੇ ਸੂਰਵੀਰ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾ ਨੇ ਜਾਬਰਾਂ ਤੇ ਜ਼ਾਲਮਾਂ ਅੱਗੇ ਗੋਡੇ ਟੇਕਣ ਦੀ ਮੌਤ ਅੱਗੇ ਨਤਮਸਤਕ ਹੋਣਾ ਹੀ ਬਿਹਤਰ ਸਮਝਿਆ ਸੀ।
ਇਤਿਹਾਸਕ ਤੱਥ ਦੱਸਦੇ ਹਨ ਕਿ ‘ ਇੰਟਰਨੈਸ਼ਨਲ ਫ਼ਰੀਡਮ ਆਫ਼ ਐਕਸਪ੍ਰੈਸ਼ਨ ਐਕਸਚੇਂਜ’ ਭਾਵ ‘ ਕੌਮਾਂਤਰੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ ਨਾਮਕ ਸੰਸਥਾ ਨੇ ਸੰਨ 2011 ਵਿੱਚ 23 ਨਵੰਬਰ ਦਾ ਦਿਨ ਉਕਤ ਦਿਵਸ ਮਨਾਉਣ ਲਈ ਨਿਸ਼ਚਿਤ ਕੀਤਾ ਸੀ ਕਿਉਂਕਿ 23 ਨਵੰਬਰ ਸੰਨ 2009 ਨੂੰ ਫ਼ਿਲੀਪੀਨਜ਼ ਦੇ ਐਮਪੈਚਿਓਨ ਕਸਬੇ ਵਿੱਚ ਵਾਪਰੇ ਇੱਕ ਵੱਡੇ ਹੱਤਿਆਕਾਂਡ ਵਿੱਚ ਕੁੱਲ 58 ਵਿਅਕਤੀ ਮਾਰੇ ਗਏ ਸਨ ਜਿਨ੍ਹਾ ਵਿੱਚੋਂ 32 ਪੱਤਰਕਾਰ ਸਨ। ਸੰਨ 2013 ਦੇ ਦਸੰਬਰ ਮਹੀਨੇ ਵਿੱਚ ਉਕਤ ਸੰਸਥਾ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਸੰਯੁਕਤ ਰਾਸ਼ਟਰ ਸੰਘ ਅੱਗੇ ਉਕਤ ਦਿਵਸ ਵਿਸ਼ਵ ਪੱਧਰ ‘ਤੇ ਮਨਾਏ ਜਾਣ ਦਾ ਸੁਝਾਅ ਦਿੱਤਾ ਸੀ ਜਿਸਦੇ ਪ੍ਰਭਾਵ ਹੇਠ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਨੇ ਸ਼ਹੀਦ ਪੱਤਰਕਾਰਾਂ ਨੂੰ ਨਿਆਂ ਦਿਵਾਉਣ ਨੂੰ ਸਮਰਪਿਤ ਇਹ ਦਿਵਸ ਹਰ ਸਾਲ 2 ਨਵੰਬਰ ਦੇ ਦਿਨ ਮਨਾਉਣ ਸਬੰਧੀ ਮਤਾ ਪਾਸ ਕਰ ਦਿੱਤਾ ਸੀ। ਇਸ ਦਿਵਸ ਲਈ 2 ਨਵੰਬਰ ਦਾ ਦਿਨ ਚੁਣੇ ਜਾਣ ਦਾ ਮੁੱਖ ਕਾਰਨ ਉਸੇ ਸਾਲ ਭਾਵ ਸੰਨ 2013 ਵਿੱਚ ਗਿਸਲੇਵ ਡਿਊਪੋਂਟ ਅਤੇ ਕਲਾੱਡ ਵਰਲੋਨ ਨਾਮਕ ਦੋ ਫ਼ਰਾਸੀਸੀ ਪੱਤਰਕਾਰਾਂ ਦੀ ਕੀਤੀ ਗਈ ਹੱਤਿਆ ਸੀ।
‘ਇੰਟਰਨੈਸ਼ਨਲ ਫ਼ਰੀਡਮ ਆਫ਼ ਐਕਸਪ੍ਰੈਸ਼ਨ ਐਕਸਚੇਂਜ’ ਸੰਸਥਾ ਸਾਰਾ ਸਾਲ ਇਹ ਮੁਹਿੰਮ ਚਲਾਉਂਦੀ ਹੈ ਕਿ ਪੱਤਰਕਾਰਾਂ ਦੇ ਕਾਤਲਾਂ ਜਾਂ ਉਨ੍ਹਾ ਨਾਲ ਜ਼ਿਆਦਤੀ ਕਰਨ ਵਾਲੇ ਨੂੰ ਕਿਸੇ ਪ੍ਰਕਾਰ ਦੀ ਵੀ ਮੁਆਫ਼ੀ ਜਾਂ ਰਿਆਇਤ ਨਹੀਂ ਮਿਲਣੀ ਚਾਹੀਦੀ ਹੈ। ਪ੍ਰਾਪਤ ਅੰਕੜੇ ਦੱਸਦੇ ਹਨ ਕਿ ਸੰਨ 1993 ਤੋਂ ਸੰਨ 2020 ਤੱਕ ਕੁੱਲ 1450 ਪੱਤਰਕਾਰਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ ਤੇ ਪੱਤਰਕਾਰਾਂ ਦੇ ਹੱਤਿਆਰਿਆਂ ਨੂੰ ਸਜ਼ਾਵਾਂ ਮਿਲਣ ਦੇ ਮਾਮਲੇ ਇੰਨੇ ਘੱਟ ਹਨ ਕਿ ਇਨ੍ਹਾ ਦੀ ਸੰਖਿਆ ਕੁੱਲ ਮਾਮਲਿਆਂ ਦਾ ਕੇਵਲ ਦਸ ਪ੍ਰਤੀਸ਼ਤ ਬਣਦੀ ਹੈ। ਕੌਮਾਂਤਰੀ ਸੰਸਥਾ ਯੂਨੈਸਕੋ ਇਸ ਗੱਲ ਦੀ ਹਾਮੀ ਹੈ ਕਿ ਸਮੂਹ ਪੱਤਰਕਾਰਾਂ ਨੂੰ ਨਾ ਕੇਵਲ ਉਚਿਤ ਸੁਰੱਖਿਆ ਪ੍ਰਾਪਤ ਹੋਣੀ ਚਾਹੀਦੀ ਹੈ ਸਗੋਂ ਜਾਨਾਂ ਗੁਆਉਣ ਵਾਲੇ ਪੱਤਰਕਾਰਾਂ ਨੂੰ ਇਨਸਾਫ਼ ਦਿੰਦਿਆਂ ਹੋਇਆਂ ਉਨ੍ਹਾ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਅੱਜ ਦਾ ਇਹ ਦਿਨ ਉਨ੍ਹਾ ਸਮੂਹ ਮਾਮਲਿਆਂ ਬਾਰੇ ਚਰਚਾ ਛੇੜਨ ਅਤੇ ਆਵਾਜ਼ ਉਠਾਉਣ ਦਾ ਦਿਨ ਹੈ ਜਿਨ੍ਹਾ ਮਾਮਲਿਆਂ ਵਿੱਚ ਮ੍ਰਿਤਕ ਜਾਂ ਜ਼ਖ਼ਮੀ ਪੱਤਰਕਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ ਤੇ ਸਮਰਪਿਤ ਅਤੇ ਦਿਆਨਦਾਰ ਪੱਤਰਕਾਰਾਂ ਦੇ ਹੱਤਿਆਰੇ ਸ਼ਰ੍ਹੇਆਮ ਖੁੱਲ੍ਹੇਆਮ ਘੁੰਮ-ਫਿਰ ਰਹੇ ਹਨ। ਇਸ ਦਿਨ ਉਕਤ ਮਾਮਲਿਆਂ ਸਬੰਧੀ ਸੈਮੀਨਾਰ,ਲੈਕਚਰ ਅਤੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਤੇ ਸਰਕਾਰੀ ਨੁਮਾਇੰਦਿਆਂ ਅਤੇ ਅਫ਼ਸਰਾਂ ਨੂੰ ਮ੍ਰਿਤਕ ਪੱਤਰਕਾਰਾਂ ਨੂੰ ਬਣਦਾ ਇਨਸਾਫ਼ ਪ੍ਰਦਾਨ ਕੀਤੇ ਜਾਣ ਸਬੰਧੀ ਆਵਾਜ਼ ਉਠਾਈ ਜਾਂਦੀ ਹੈ।
ਮੋਬਾਇਲ: 97816-46008