ਟੋਰਾਂਟੋ: ਨੌਰਥ ਯੌਰਕ ਵਿੱਚ ਮਾਂ ਦਾ ਕਤਲ ਕਰਨ ਦੇ ਸਬੰਧ ਵਿੱਚ ਪੁੱਤਰ ਨੂੰ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ।
ਰਾਤ 10:00 ਵਜੇ ਦੇ ਕਰੀਬ ਸ਼ੈਪਰਡ ਐਵਨਿਊ ਵੈਸਟ ਤੇ ਜੇਨ ਸਟਰੀਟ ਲਾਗੇ ਇੱਕ ਘਰ ਵਿੱਚੋਂ ਹਮਲੇ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਗਿਆ। ਪੁਲਿਸ ਨੂੰ ਉੱਥੇ ਇੱਕ ਮਹਿਲਾ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਦੀ ਹਾਲਤ ਕਾਫੀ ਨਾਜ਼ੁਕ ਸੀ ਤੇ ਫਿਰ ਉਸ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਟੋਰਾਂਟੋ ਦੀ 67 ਸਾਲਾ ਵਿੰਸੈਂਜਾ ਗੈਲੋਰੋ ਵਜੋਂ ਹੋਈ ਹੈ।
ਜਾਂਚਕਾਰਾਂ ਨੇ ਘਰ ਵਿੱਚੋਂ ਹੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਪਛਾਣ ਟੋਰਾਂਟੋ ਦੇ 43 ਸਾਲਾ ਐਂਟੋਨੀਓ ਗੈਲੋਰੋ ਵਜੋਂ ਹੋਈ। ਐਤਵਾਰ ਨੂੰ ਗੈਲੋਰੋ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਸ ਉੱਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਾਇਆ ਗਿਆ।