ਚੰਡੀਗੜ੍ਹ : ਵੱਡੀ ਖ਼ਬਰ ਪੰਜਾਬ ਬਿਜਲੀ ਸਮਝੌਤੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ 2X270 ਮੈਗਾਵਾਟ ਵਾਲਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਨੂੰ ਪ੍ਰਵਾਨਗੀ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਂਝੀ ਕੀਤੀ ਗਈ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਜੀ.ਵੀ.ਕੇ. ਗੋਇੰਦਵਾਲ ਸਾਹਿਬ 2X270 ਮੈਗਾਵਾਟ ਵਾਲਾ ਪਾਵਰ ਪਰਚੇਜ਼ ਐਗਰੀਮੈਂਟ ਪੀ.ਪੀ.ਏ. ਨੂੰ ਖ਼ਤਮ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀ.ਐੱਸ.ਪੀ.ਸੀ.ਐਲ. ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Govt.of Punjab approves PSPCL's proposal to Terminate GVK Goindwal Sahib PPA. Default Notice has been issued to GVK for cancellation of PPA on grounds of high power cost & lowest in merit. A vital step – Reiterating My Govt's commitment for cheaper and uninterrupted Power.
— Charanjit Singh Channi (@CHARANJITCHANNI) October 30, 2021
ਮੁੱਖ ਮੰਤਰੀ ਦੇ ਇਸ ਫੈਸਲੇ ਤੋਂ ਬਾਅਦ ਪੀ.ਐੱਸ.ਪੀ.ਸੀ.ਐਲ. ਨੇ ਕੰਪਨੀ ਨੂੰ ਸਮਝੌਤਾ ਸਮਾਪਤੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ।
ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ ਹੈ, “ਪੰਜਾਬ ਸਰਕਾਰ ਨੇ PSPCL ਦੇ GVK ਗੋਇੰਦਵਾਲ ਸਾਹਿਬ PPA ਨੂੰ ਖਤਮ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉੱਚ ਪਾਵਰ ਲਾਗਤ ਅਤੇ ਘੱਟ ਯੋਗਤਾ ਦੇ ਆਧਾਰ ‘ਤੇ PPA ਨੂੰ ਰੱਦ ਕਰਨ ਲਈ GVK ਨੂੰ ਡਿਫਾਲਟ ਨੋਟਿਸ ਜਾਰੀ ਕੀਤਾ ਗਿਆ ਹੈ। ਇੱਕ ਮਹੱਤਵਪੂਰਨ ਕਦਮ – ਸਸਤੀ ਅਤੇ ਨਿਰਵਿਘਨ ਬਿਜਲੀ ਲਈ ਮੇਰੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।”
ਦੱਸ ਦਈਏ ਕਿ ਕੰਪਨੀ ਵੱਲੋਂ ਪੰਜਾਬ ਸਰਕਾਰ ਨਾਲ ਇਹ ਸਮਝੌਤਾ ਫਰਵਰੀ 2018 ਵਿੱਚ ਸਹੀਬੱਧ ਕੀਤਾ ਗਿਆ ਸੀ। ਬਾਦਲ ਸਰਕਾਰ ਸਮੇਂ ਦੇ ਕੀਤੇ ਗਏ ਬਿਜਲੀ ਸਮਝੌਤਿਆਂ ਬਾਰੇ ਫ਼ੈਸਲਾ ਕਰਨ ਨੂੰ ਪੰਜਾਬ ਸਰਕਾਰ ਹਾਲੇ ਵੀ ਦੁਚਿੱਤੀ ਵਿੱਚ ਹੀ ਨਜ਼ਰ ਆ ਰਹੀ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵਜੋਤ ਸਿੱਧੂ ਅਤੇ ਹੋਰ ਕਾਂਗਰਸੀ ਵਿਧਾਇਕ ਬਾਦਲਾਂ ਸਮੇਂ ਦੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਕੈਪਟਨ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਸਨ, ਜਿਸ ਬਾਰੇ ਹਾਲੇ ਤੱਕ ਕੋਈ ਠੋਸ ਫੈਸਲਾ ਨਹੀਂ ਹੋ ਸਕਿਆ ਹੈ। ਬਿਜਲੀ ਸਮਝੌਤੇ ਰੱਦ ਕਰਨ ਦੇ ਮੁੱਦੇ ‘ਤੇ ਵੀ ਸਿੱਧੂ ਕੈਪਟਨ ਨੂੰ ਨਿਸ਼ਾਨੇ ਤੇ ਲੈਂਦੇ ਰਹੇ ਹਨ, ਜੋ ਫ਼ਿਲਹਾਲ ਇਸ ਮੁੱਦੇ ਤੇ ਚੁੱਪੀ ਧਾਰ ਚੁੱਕੇ ਹਨ।