ਕੋਵਿਡ-19 ਦੇ ਬਚਾਓ ਟੀਕੇ ਤੋਂ ਪ੍ਰਹੇਜ਼ ਕਿਉਂ ?

TeamGlobalPunjab
4 Min Read

– ਅਵਤਾਰ ਸਿੰਘ;

ਦੇਸ਼ ਵਿੱਚ ਹੁਣ ਤੱਕ ਇਕ ਸੌ ਚਾਰ ਕਰੋੜ ਤੋਂ ਵੱਧ ਲੋਕਾਂ ਨੂੰ ਕੋਵਿਡ-19 ਟੀਕੇ ਪਹਿਲੀ ਡੋਜ਼ ਲੱਗ ਚੁੱਕੀ ਹੈ। ਪਰ ਕੁਝ ਅੰਕੜੇ ਚਿੰਤਾ ਵਧਾਉਣ ਵਾਲੇ ਸਾਹਮਣੇ ਆ ਰਹੇ, ਜੋ ਕਰੋਨਾ ਦੇ ਖਿਲਾਫ ਜਿੱਤੀ ਜਿੱਤ ਨੂੰ ਕਮਜ਼ੋਰ ਕਰਦੇ ਨਜ਼ਰ ਆ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ ਸਾਹਮਣੇ ਆਏ ਤੱਥਾਂ ਅਨੁਸਾਰ ਦੇਸ਼ ਵਿੱਚ ਲਗਪਗ 11 ਕਰੋੜ ਲੋਕਾਂ ਨੇ ਪਹਿਲੀ ਡੋਜ਼ ਤੋਂ ਬਾਅਦ ਦੂਜੀ ਖੁਰਾਕ ਦਾ ਸਮਾਂ ਆਉਣ ਦੇ ਬਾਵਜੂਦ ਟੀਕਾ ਨਹੀਂ ਲਗਵਾਇਆ। ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ ਦੇ ਕਰੀਬ ਚਾਰ ਕਰੋੜ ਨੇ ਦੂਜਾ ਟੀਕਾ ਲਗਵਾਉਣ ਲਈ ਨਿਰਧਾਰਤ ਤਰੀਕ ਤੋਂ ਛੇ ਹਫਤੇ ਲੇਟ ਹੋ ਚੁੱਕਾ ਹੈ। ਇਸੇ ਤਰ੍ਹਾਂ ਡੇਢ ਕਰੋੜ ਲੋਕਾਂ ਦੀ ਡੋਜ਼ ਦੇ ਸਮੇਂ ਤੋਂ ਚਾਰ ਹਫਤੇ ਵੱਧ ਹੋ ਗਏ ਹਨ।

ਦੇਸ਼ ਦੇ ਖੂਬਸੂਰਤ ਅਤੇ ਸਮਾਰਟ ਸਿਟੀ ਕਹਾਉਣ ਵਾਲੇ ਚੰਡੀਗੜ੍ਹ ਵਿੱਚ ਪ੍ਰਸ਼ਾਸ਼ਨ ਦੇ ਅੰਕੜਿਆਂ ਅਨੁਸਾਰ 75,526 ਵਿਅਕਤੀਆਂ ਨੇ ਕੋਵਿਡ ਟੀਕੇ ਦੀ ਦੂਜੀ ਡੋਜ਼ ਅਜੇ ਤੱਕ ਨਹੀਂ ਲਗਵਾਈ ਜਦਕਿ ਪਹਿਲੀ ਤੇ ਦੂਜੀ ਡੋਜ਼ ਦੀ ਸਮਾਂ ਸੀਮਾ ਖਤਮ ਹੋ ਚੁੱਕੀ ਹੈ। ਇਹ ਗੰਭੀਰ ਮੁੱਦਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਵੀ ਵਿਚਾਰਿਆ ਜਾ ਚੁੱਕਾ ਹੈ।

ਅਧਿਕਾਰੀਆਂ ਅਨੁਸਾਰ ਕੋਵਿਡ ਦੀ ਦੂਜੀ ਖੁਰਾਕ ਲੈਣ ਵਾਲੇ ਵਿਅਕਤੀਆਂ ਨਾਲ ਵੱਖਰੇ ਤੌਰ ‘ਤੇ ਉਨ੍ਹਾਂ ਵਲੋਂ ਦਿੱਤੇ ਮੋਬਾਈਲ ਫੋਨ ਨੰਬਰ ਰਾਹੀਂ ਸੰਪਰਕ ਸਾਧਿਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਿਕ ਉਨ੍ਹਾਂ ਕੋਲ ਕਾਫੀ ਮਾਤਰਾ ਵਿੱਚ ਕੋਵਿਡ ਟੀਕੇ ਉਪਲਬਧ ਹਨ। ਕਿਸੇ ਵੀ ਵਿਅਕਤੀ ਨੂੰ ਇੰਤਜ਼ਾਰ ਨਹੀਂ ਕਰਨੀ ਪਵੇਗੀ।

ਚੰਡੀਗੜ੍ਹ ਯੂ ਟੀ ਦੇ ਸਿਹਤ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ ਨੇ ਵੱਖਰੇ ਤੌਰ ‘ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਦੂਜੀ ਡੋਜ਼ ਅਜੇ ਤੱਕ ਨਹੀਂ ਲਗਵਾਈ, ਉਹ ਬਿਨਾ ਦੇਰੀ ਤੋਂ ਲਗਵਾ ਲੈਣ। ਉਨ੍ਹਾਂ ਨੇ ਕਿਹਾ ਕਿ ਤਿਓਹਾਰਾਂ ਦੇ ਦਿਨਾ ਵਿੱਚ ਵਾਇਰਸ ਫੈਲਣ ਦਾ ਡਰ, ਇਸ ਲਈ ਉਹ ਇਸ ਤੋਂ ਅਵੇਸਲੇ ਨਾ ਹੋਣ। ਪਹਿਲੀ ਤੋਂ ਬਾਅਦ ਦੂਜੀ ਡੋਜ਼ ਲਗਵਾਉਣੀ ਲਾਜ਼ਮੀ ਹੈ।

ਦੇਸ਼ ਦੇ ਅੰਕੜਿਆਂ ਮੁਤਾਬਿਕ ਡੇਢ ਕਰੋੜ ਲੋਕ ਦੋ ਤੋਂ ਚਾਰ ਹਫਤੇ ਬੀਤਣ ਦੇ ਬਾਵਜੂਦ ਟੀਕਾ ਲਗਵਾਉਣ ਨਹੀਂ ਆਏ। ਇਸ ਦੇ ਨਾਲ ਹੀ 3.38 ਕਰੋੜ ਲੋਕ ਦੂਜਾ ਟੀਕਾ ਲਗਵਾਉਣ ਦੇ ਇਛੁੱਕ ਨਜ਼ਰ ਨਹੀਂ ਆ ਰਹੇ। ਅਜਿਹੇ ਸਮੇਂ ਜਦੋਂ ਦੇਸ਼ ਵਿੱਚ ਕੋਵਿਸ਼ਿਲਡ ਤੇ ਕੋਵੇਕਸਿਨ ਤੋਂ ਇਲਾਵਾ ਸਪੁਤਨਿਕ-ਵੀ ਵੈਕਸੀਨ ਉਪਲੱਭਦ ਹੈ ਅਤੇ ਇਹ ਭਾਰਤ ਵਿੱਚ ਹੀ ਤਿਆਰ ਹੋ ਰਹੀ ਹੈ। ਟੀਕਾ ਨਾ ਲਗਵਾਉਣ ਦੀ ਗੱਲ ਸਮਝ ਨਹੀਂ ਆ ਰਹੀ।

ਭਾਰਤ ਵਿੱਚ ਵੱਡੀ ਮਾਤਰ ਵਿੱਚ ਟੀਕੇ ਉਪਲਬਧ ਹਨ। ਹੁਣ ਤਾਂ ਦੇਸ਼ ਜ਼ਰੂਰਤਮੰਦ ਦੇਸ਼ਾਂ ਨੂੰ ਟੀਕਾ ਨਿਰਯਾਤ ਕਰਨ ਵੱਲ ਕਦਮ ਵਧਾ ਰਿਹਾ ਹੈ। ਅਜਿਹੀਆਂ ਹਾਲਤਾਂ ਵਿੱਚ ਜਦੋਂ ਪਹਿਲੇ ਟੀਕੇ ਦੀ ਖੁਰਾਕ ਲੈ ਚੁੱਕੇ ਦੂਸਰੀ ਡੋਜ਼ ਲੈਣ ਵਿੱਚ ਕੁਤਾਹੀ ਵਰਤ ਰਹੇ ਹਨ ਤਾਂ ਸਹਿਤ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਨੂੰ ਵੀ ਅਜਿਹੇ ਵਿਅਕਤੀਆਂ ਦੇ ਟੀਕਾ ਲਗਵਾਉਣ ਲਈ ਵੱਖਰੇ ਤੌਰ ‘ਤੇ ਯਤਨ ਕਰਨੇ ਪੈਣਗੇ।

ਇਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਕਿ ਪਿਛਲੇ ਦਿਨੀਂ ਇਸ ਗੰਭੀਰ ਸਮੱਸਿਆ ਸੰਬੰਧੀ ਕੇਂਦਰੀ ਸਿਹਤ ਮੰਤਰੀ ਵਲੋਂ ਬੁਲਾਈ ਗਈ ਇਕ ਮੀਟਿੰਗ ਵਿੱਚ ਕੁਝ ਉੱਤਰੀ ਰਾਜਾਂ ਦੇ ਨੁਮਾਇੰਦਿਆਂ ਨੇ ਹਿੱਸਾ ਹੀ ਨਹੀਂ ਲਿਆ। ਬੇਸ਼ੱਕ ਅਸੀਂ ਸੌ ਕਰੋੜ ਦਾ ਮਨੋਵਿਗਿਆਨਿਕ ਟੀਚਾ ਤੈ ਕਰ ਲਿਆ ਹੈ ਪਰ ਅਜੇ ਵੀ ਤੀਜੀ ਲਹਿਰ ਦਾ ਖਤਰਾ ਟਲਿਆ ਨਹੀਂ ਹੈ। ਅਜਿਹੇ ਵਿੱਚ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ ਜੋ ਆਤਮਘਾਤੀ ਸਾਬਿਤ ਹੋਵੇ।*

Share This Article
Leave a Comment