ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਦਿੱਲੀ ਸਥਿਤ ਨਿਵਾਸ ’ਤੇ ਮੁਲਾਕਾਤ ਕੀਤੀ। ਚਰਨਜੀਤ ਸਿੰਘ ਚੰਨੀ ਬੁੱਧਵਾਰ ਸ਼ਾਮ ਦਿੱਲੀ ਪੁੱਜੇ ਤੇ ਅੱਜ ਰਾਹੁਲ ਗਾਂਧੀ ਨਾਲ ਕੀਤੀ ਗਈ ਮੁਲਾਕਾਤ ਲਗਭਗ ਢਾਈ ਘੰਟੇ ਚੱਲੀ।
ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਕਾਰਨ ਉਨ੍ਹਾਂ ਦੇ ਨਾਲ ਸ਼ਾਮਲ ਹੋਣ ਵਾਲੇ ਕਾਂਗਰਸੀਆਂ ਨੂੰ ਲੈ ਕੇ ਚਰਚਾ ਹੋਈ ਹੈ।
ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਨਾਲ ਹੋਈ ਇਸ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਿਸ ਕਰਕੇ ਹਾਲੇ ਸਿਰਫ਼ ਕਿਆਸ ਹੀ ਲਗਾਏ ਜਾ ਰਹੇ ਹਨ।
ਇਹ ਮੀਟਿੰਗ ਦਿੱਲੀ ਪੁੱਜੇ ਕੈਪਟਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਪਹਿਲਾਂ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਸ਼ਾਮ ਅਮਿਤ ਸ਼ਾਹ ਨਾਲ ਮੁਲਾਕਾਤ ਦੱਸੀ ਜਾ ਰਹੀ ਸੀ, ਜਿਸ ਵਿੱਚ ਉਹ ਲਗਭਗ ਦੋ ਦਰਜਨ ਖ਼ੇਤੀ ਮਾਹਿਰਾਂ ਨੂੰ ਨਾਲ ਲੈ ਕੇ ਜਾ ਰਹੇ ਹਨ ਪਰ ਤਾਜ਼ਾ ਰਿਪੋਰਟਾਂ ਮੁਤਾਬਕ ਅਮਿਤ ਸ਼ਾਹ ਦੇ ਗੁਜਰਾਤ ਦੌਰੇ ਦੇ ਮੱਦੇਨਜ਼ਰ ਅੱਜ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।