ਚੰਡੀਗੜ੍ਹ : ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਵਾਂ ਮੋਰਚਾ ਖੋਲ੍ਹਦੇ ਹੋਏ ਆਰੂਸਾ ਆਲਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰੰਧਾਵਾ ਨੇ ਐਲਾਨ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਆਰੂਸਾ ਆਲਮ ਦੇ ਆਈ. ਐੱਸ. ਆਈ. ਨਾਲ ਕੁਨੈਕਸ਼ਨ ਹੋ ਸਕਦੇ ਹਨ, ਜਿਸ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਡੂੰਘਾਈ ਨਾਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਡੀ. ਜੀ. ਪੀ. ਪੰਜਾਬ ਨੂੰ ਆਦੇਸ਼ ਦਿੱਤੇ ਜਾਣਗੇ। ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਪੰਜਾਬ ਨੂੰ ਆਈ. ਐੱਸ. ਆਈ. ਤੋਂ ਖ਼ਤਰਾ ਹੈ, ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਕੀ ਉਦੋਂ ਕੋਈ ਖ਼ਤਰਾ ਨਹੀਂ ਸੀ।
ਰੰਧਾਵਾ ਨੇ ਕਿਹਾ ਕਿ ਜਦੋਂ ਆਰੂਸਾ ਆਲਮ ਪੰਜਾਬ ’ਚ ਆ ਕੇ ਰਹਿ ਰਹੀ ਸੀ ਤਾਂ ਕੀ ਉਦੋਂ ਕੋਈ ਖ਼ਤਰਾ ਨਹੀਂ ਸੀ ਪਰ ਹੁਣ ਕੈਪਟਨ ਵੱਲੋਂ ਅਸਤੀਫ਼ਾ ਦੇਣ ਦੇ ਬਾਅਦ ਇਕ ਮਹੀਨੇ ’ਚ ਅਜਿਹਾ ਕੀ ਹੋ ਗਿਆ, ਕਿ ਹੁਣ ਪੰਜਾਬ ਨੂੰ ਆਈ. ਐੱਸ. ਆਈ. ਤੋਂ ਖ਼ਤਰਾ ਹੈ।
ਉਨ੍ਹਾਂ ਤੰਜ਼ ਕੱਸਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਇਹ ਅਸੀਂ ਵੇਖਾਂਗੇ ਕਿ ਕੀ ਆਰੂਸਾ ਆਲਮ ਦੇ ਆਈ. ਐੱਸ. ਆਈ. ਨਾਲ ਤਾਰ ਜੁੜੇ ਹੋਏ ਹਨ ਜਾਂ ਨਹੀਂ। ਇਸ ਦੀ ਜਾਂਚ ਹੁਣ ਪੰਜਾਬ ਸਰਕਾਰ ਵੱਲੋਂ ਡੂੰਘਾਈ ਨਾਲ ਕੀਤੀ ਜਾਵੇਗੀ।