ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਡੇਂਗੂ ਹੋਇਆ ਹੈ ਪਰ ਉਨ੍ਹਾਂ ਦੀ ਸਿਹਤ ਵਿਚ ਹੁਣ ਸੁਧਾਰ ਹੋ ਰਿਹਾ ਹੈ। ਏਮਜ਼ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਏਮਜ਼ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ, “ਉਨ੍ਹਾਂ ਨੂੰ ਡੇਂਗੂ ਦਾ ਪਤਾ ਲੱਗਿਆ ਹੈ ਪਰ ਹੁਣ ਉਨ੍ਹਾਂ ਦੇ ਪਲੇਟਲੈਟਸ ਦੀ ਗਿਣਤੀ ਵੱਧ ਰਹੀ ਹੈ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।” ਸਿੰਘ ਨੂੰ ਹਸਪਤਾਲ ਦੇ ਕਾਰਡੀਓ-ਨਿਊਰੋ ਸੈਂਟਰ ਦੇ ਇੱਕ ਪ੍ਰਾਈਵੇਟ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਡਾਕਟਰ ਨਿਤੀਸ਼ ਨਾਇਕ ਦੀ ਅਗਵਾਈ ਵਿੱਚ ਕਾਰਡੀਓਲੋਜਿਸਟਸ ਦੀ ਟੀਮ ਦੀ ਦੇਖ ਰੇਖ ਵਿੱਚ ਹੈ।
89 ਸਾਲਾ ਡਾ: ਮਨਮੋਹਨ ਸਿੰਘ ਨੂੰ ਬੁਖਾਰ ਤੋਂ ਬਾਅਦ ਕਮਜ਼ੋਰੀ ਦੀ ਸ਼ਿਕਾਇਤ ਬਾਅਦ ਬੁੱਧਵਾਰ ਸ਼ਾਮ ਨੂੰ ਦਿੱਲੀ ਦੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਵਿਚ ਭਰਤੀ ਕਰਾਇਆ ਗਿਆ ਸੀ।