ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਨਾਲ ਇੱਥੇ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਕਿਸਾਨੀ ਨਾਲ ਜੁੜੇ ਅਹਿਮ ਮਸਲਿਆਂ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਯਾਦ ਪੱਤਰ ਸੌਂਪਿਆ। ਇਸ ਯਾਦ ਪੱਤਰ ਰਾਹੀਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਲਖੀਮਪੁਰ ਖੀਰੀ ਵਿਚ ਹਾਲ ਹੀ ‘ਚ ਵਾਪਰੀ ਹਿੰਸਾ ਦੇ ਪੀੜਤ ਪਰਿਵਾਰਾਂ ਲਈ ਇਨਸਾਫ ਨੂੰ ਯਕੀਨੀ ਬਣਾਉਣ ਵਾਸਤੇ ਠੋਸ ਕਦਮ ਚੁੱਕਣ ਲਈ ਉੱਤਰ ਪ੍ਰਦੇਸ਼ ਸਰਕਾਰ ਉਤੇ ਜ਼ੋਰ ਪਾਉਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਇਸ ਯਾਦ ਪੱਤਰ ਵਿਚ ਤਿੰਨ ਖੇਤੀ ਕਾਨੂੰਨਾਂ ਦੀ ਤੁਰੰਤ ਘੋਖ ਕਰਕੇ ਰੱਦ ਕਰਨ ਦੀ ਲੋੜ ਨੂੰ ਵੀ ਦੁਹਰਾਇਆ ਕਿਉਂ ਜੋ ਇਹ ਕਾਨੂੰਨ ਹੀ ਕਿਸਾਨਾਂ ਦਰਮਿਆਨ ਰੋਸ ਦੀ ਵਜ੍ਹਾ ਬਣੇ ਹੋਏ ਹਨ।
ਚੰਨੀ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਵਿਚ ਲਖੀਮਪੁਰ ਖੀਰੀ ਵਿਖੇ ਹਾਲ ਵਿਚ ਵਾਪਰੀ ਹਿੰਸਕ ਘਟਨਾ ਬਾਰੇ ਪ੍ਰਧਾਨ ਮੰਤਰੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਨ ਜਿਸ ਨੇ ਹਰੇਕ ਮਨੁੱਖ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਵੀ ਪੀੜਾਦਾਇਕ ਗੱਲ ਇਹ ਹੈ ਕਿ ਇਸ ਮੰਦਭਾਗੀ ਘਟਨਾ ਵਿਚ ਸਾਡੇ ਅੰਨਦਾਤਿਆਂ ਦੀ ਜਾਨ ਚਲੀ ਗਈ ਜੋ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਚੰਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਘਿਨਾਉਣੇ ਕਾਰੇ ਦੇ ਪਰਦੇ ਪਿਛਲੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਹਨ, ਭਾਵੇਂ ਉਹ ਕਿੰਨਾ ਵੀ ਅਰਸ-ਰਸੂਖ ਜਾਂ ਪਹੁੰਚ ਰੱਖਂਣ ਵਾਲਾ ਕਿਉਂ ਨਾ ਹੋਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਦੁਖਦਾਇਕ ਘਟਨਾ ਵਿਚ ਜਾਨਾਂ ਗੁਆ ਚੁੱਕੇ ਭੋਲੇ-ਭਾਲੇ ਕਿਸਾਨਾਂ ਲਈ ਇਨਸਾਫ ਛੇਤੀ ਦਿਵਾਉਣਾ ਯਕੀਨੀ ਬਣਾਇਆ ਜਾਵੇ।
Submitted a detailed memorandum to Punjab Governor Banwarilal Purohit at Raj Bhawan along with my Cabinet colleagues to further send the same to PM @narendramodi for ensuring justice in the Lakhimpur incident and also reiterated the need to urgently repeal the three farm laws. pic.twitter.com/bf0RokdOXs
— Charanjit S Channi (@CHARANJITCHANNI) October 4, 2021
ਯਾਦ ਪੱਤਰ ਵਿਚ ਕਿਹਾ, “ਇਸ ਤੋਂ ਇਲਾਵਾ ਆਮ ਲੋਕ ਅਤੇ ਕਿਸਾਨ ਮੌਜੂਦਾ ਵਿਵਸਥਾ ਤੋਂ ਬੇਗਾਨਗੀ ਮਹਿਸੂਸ ਕਰ ਰਹੇ ਹਨ ਜਿਸ ਨਾਲ ਜਮਹੂਰੀ ਕਦਰਾਂ-ਕੀਮਤਾਂ ਹੌਲੀ-ਹੌਲੀ ਖੇਰੂੰ-ਖੇਰੂੰ ਹੋਈਆਂ ਹਨ। ਇਹ ਸਹੀ ਮੌਕਾ ਹੈ ਕਿ ਲੋਕਤੰਤਰਿਕ ਵਿਵਸਥਾ ਵਿਚ ਲੋਕਾਂ ਦਾ ਭਰੋਸਾ ਤੇ ਵਿਸ਼ਵਾਸ ਬਹਾਲ ਕੀਤਾ ਜਾਵੇ ਜਿਸ ਲਈ ਲੋਕਾਂ ਨੂੰ ਵਿਚਾਰ ਪ੍ਰਗਟਾਉਣ ਦੇ ਮੌਲਿਕ ਹੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਲੋਕ ਆਜ਼ਾਦਾਨਾ ਢੰਗ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਸਕਣ। ਇਸ ਵੇਲੇ ਲੋਕ ਨਿਰਭੈ ਹੋ ਕੇ ਆਪਣੀਆਂ ਦੁੱਖ-ਮੁਸੀਬਤਾਂ ਜ਼ਾਹਰ ਕਰਨ ਲਈ ਘੁਟਨ ਮਹਿਸੂਸ ਕਰ ਰਹੇ ਹਨ।”
ਮੁੱਖ ਮੰਤਰੀ ਨੇ ਮੋਦੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਦੇਸ਼ ਭਰ ਤੋਂ ਕਿਸਾਨ ਸੰਗਠਨ ਬੜੇ ਔਖੇ ਹਾਲਾਤਾਂ ਜਿਵੇਂ ਕਿ ਕੋਵਿਡ-19 ਮਹਾਂਮਾਰੀ ਅਤੇ ਮੌਸਮ ਦੀ ਮਾਰ ਝੱਲਦੇ ਹੋਏ ਬੀਤੇ ਇੱਕ ਸਾਲ ਤੋਂ ਦਿੱਲੀ ਦੀ ਸਰਹੱਦਾਂ ‘ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਜੰਗ ਵਿੱਚ ਹਿੱਸਾ ਲੈਂਦੇ ਹੋਏ ਕਈ ਕਿਸਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ, ਜਿਨ੍ਹਾਂ ਕਾਨੂੰਨਾਂ ਕਰਕੇ ਉਨ੍ਹਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਗਈ ਹੈ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ‘ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।
ਹੋਰ ਦੱਸਦੇ ਹੋਏ ਚੰਨੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੇ ਕਿ ਜਿਨ੍ਹਾਂ ਕਿਸਾਨਾਂ ਨੇ ਸਾਡੇ ਦੇਸ਼ ਨੂੰ ਅੰਨ ਉਤਪਾਦਨ ਵਿੱਚ ਆਤਮ-ਨਿਰਭਰ ਬਣਾਇਆ, ਉਹੀ ਕਿਸਾਨ ਹੁਣ ਆਪਣੇ ਹੱਕਾਂ ਦੀ ਰਾਖੀ ਲਈ ਲੜਨ ਨੂੰ ਮਜਬੂਰ ਹਨ। ਜ਼ਿਕਰਯੋਗ ਹੈ ਕਿ ਇਸ ਅੰਦੋਲਨ ਕਰਕੇ ਸਾਡੇ ਅਰਥਚਾਰੇ ‘ਤੇ ਕਾਫੀ ਬੁਰਾ ਪ੍ਰਭਾਵ ਪਿਆ ਹੈ ਇਸ ਲਈ ਸਮੂਹ ਸਬੰਧਤ ਧਿਰਾਂ ਨੂੰ ਭਰੋਸੇ ਵਿੱਚ ਲੈਂਦੇ ਹੋਏ ਇਸ ਮਸਲੇ ਦਾ ਢੁਕਵਾਂ ਹੱਲ ਲਭਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਚੱਲ ਰਹੇ ਇਸ ਅੰਦੋਲਨ ਕਾਰਨ ਆਮ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।