ਕੌਮਾਂਤਰੀ ਬਜ਼ੁਰਗ ਦਿਵਸ: ਘਰਾਂ ਦੇ ਜੰਦਰੇ ਤੇ ਵਿਰਸੇ ਦਾ ਸਰਮਾਇਆ ਹੁੰਦੇ ਨੇ ਬਜ਼ੁਰਗ

TeamGlobalPunjab
7 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਸਿਆਣੇ ਆਖ਼ਦੇ ਹਨ ਕਿ ਮਨੁੱਖੀ ਜੀਵਨ ਦੇ ਚਾਰ ਪੜਾਅ ਹੁੰਦੇ ਹਨ ਤੇ ਉਹ ਹਨ -ਬਚਪਨ,ਜਵਾਨੀ, ਅਧਖੜ ਅਵਸਥਾ ਅਤੇ ਬੁਢਾਪਾ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜੀਵ ਬਹੁਤ ਹੀ ਕਰਮਾਂ ਵਾਲੇ ਹੁੰਦੇ ਨੇ ਜੋ ਬੁਢਾਪੇ ਦੀ ਅਵਸਥਾ ਤੱਕ ਪੁੱਜ ਜਾਂਦੇ ਹਨ ਤੇ ਆਪਣੀਆਂ ਸਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਨ ਕਰਕੇ ਅਤੇ ਬਜ਼ੁਰਗਪੁਣਾ ਵਧੀਆ ਗੁਜ਼ਾਰ ਕੇ ਇਸ ਜਹਾਨ ਨੂੰ ਅਲਵਿਦਾ ਆਖ਼ਦੇ ਹਨ। ਪਰ ਕੌੜਾ ਸੱਚ ਇਹ ਵੀ ਹੈ ਕਿ ਹਰੇਕ ਬਜ਼ੁਰਗ ਦੇ ਹਿੱਸੇ ਵੀ ਸ਼ਾਨਦਾਰ ਤੇ ਸੁੱਖਦਾਇਕ ਬੁਢਾਪਾ ਨਹੀਂ ਆਉਂਦਾ ਹੈ। ਆਪਣੇ ਧੀਆਂ-ਪੁੱਤਾਂ ਵੱਲੋਂ ਤਿਆਗੇ ਕਈ ਬਜ਼ੁਰਗ ਬਿਰਧ ਆਸ਼ਰਮਾਂ ‘ਚ ਆਪਣੇ ਜੀਵਨ ਦੇ ਅੰਤਿਮ ਦਿਨਾਂ ਨੂੰ ਬਿਤਾਉਂਦੇ ਹਨ ਤੇ ਕਈ ਕਰਮਾਂ ਮਾਰੇ ਕਿਸੇ ਰੋਗ ਤੋਂ ਗ੍ਰਸਤ ਹੋ ਕੇ ਘਰ ਜਾਂ ਹਸਪਤਾਲ ਅੱਡੀਆਂ ਰਗੜ ਰਗੜ ਕੇ ਪ੍ਰਾਣ ਤਿਆਗਦੇ ਹਨ।

ਇਸ ਸੱਚ ਤੋਂ ਤਾਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਬਜ਼ੁਰਗਾਂ ਕੋਲ ਗਿਆਨ ਤੇ ਤਜਰਬੇ ਦਾ ਵੱਡਾ ਭੰਡਾਰ ਹੁੰਦਾ ਹੈ। ਉਨ੍ਹਾ ਜ਼ਿੰਦਗੀ ‘ਚ ਆਏ ਉਤਰਾਅ-ਚੜ੍ਹਾਅ ਨੂੰ ਬੜਾ ਨੇੜਿਉਂ ਤੱਕਿਆ ਤੇ ਆਪਣੇ ਪਿੰਡੇ ‘ਤੇ ਹੰਢਾਇਆ ਹੁੰਦਾ ਹੈ। ਕਿਸੇ ਵੀ ਮੁਲਕ ਜਾਂ ਕੌਮ ਦੇ ਬਜ਼ੁਰਗ ਉਸ ਮੁਲਕ ਜਾਂ ਕੌਮ ਦੇ ਸੱਭਿਆਚਾਰ ਅਤੇ ਵਿਰਸੇ ਦੇ ਵਾਹਕ ਵੀ ਹੁੰਦੇ ਹਨ ਤੇ ਲੋੜ ਪੈਣ ‘ਤੇ ਘਰਾਂ ਦੇ ਜੰਦਰੇ ਵੀ ਸਾਬਿਤ ਹੁੰਦੇ ਹਨ। ਘਰ ਦੇ ਜਾਂ ਬਾਹਰ ਦੇ ਬਜ਼ੁਰਗਾਂ ਨੂੰ ਮਾਣ-ਸਨਮਾਨ ਦੇਣਾ ਉਨ੍ਹਾ ‘ਤੇ ਕੋਈ ਅਹਿਸਾਨ ਨਹੀਂ ਹੈ ਸਗੋਂ ਸਾਡਾ ਸਭ ਦਾ ਨੈਤਿਕ ਕਰਤੱਵ ਹੈ। ਘਰ ਦੇ ਬਜ਼ੁਰਗਾਂ ਨੂੰ ਦੁਰਕਾਰ ਕੇ ਦੇਵੀ-ਦੇਵਤਿਆਂ ਜਾਂ ਗੁਰੂਆਂ-ਪੀਰਾਂ ਨੂੰ ਖ਼ੁਸ਼ ਕਰਨ ਲਈ ਵੱਡੇ ਵੱਡੇ ਆਯੋਜਨ ਕਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਦੇ ਮੁਆਫ਼ ਨਹੀਂ ਕਰਦਾ ਹੈ ਤੇ ਉਨ੍ਹਾ ਦੁਆਰਾ ਭੇਂਟ ਕੀਤੀ ਕੋਈ ਵੀ ਸ਼ੈਅ ਪਰਮੇਸ਼ਰ ਦੇ ਦਰ ‘ਤੇ ਪਰਵਾਨ ਨਹੀਂ ਹੁੰਦੀ ਹੈ। ਬੇਸ਼ੱਕ ਭਾਰਤ ਵਿੱਚ ‘ ਪਿੱਤਰ ਰਿਣ’ ਚੁਕਾਉਣ ਲਈ ਕਈ ਪ੍ਰਕਾਰ ਦੇ ਕਰਮਕਾਂਡ ਕਰਨ ਦੀ ਪਿਰਤ ਹੈ ਪ੍ਰੰਤੂ ਅੰਤਿਮ ਸੱਚ ਇਹੋ ਹੈ ਕਿ ਆਪਣਾ ਸਾਰਾ ਕੁਝ ਅਰਪਣ ਕਰਕੇ ਵੀ ਮਾਪਿਆਂ ਦਾ ਜਾਂ ਘਰ ਦੇ ਵੱਡੇ ਬਜ਼ੁਰਗਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਹੈ,ਤੇ ਉਨ੍ਹਾ ਦੇ ਅਹਿਸਾਨਾਂ ਦਾ ਰਿਣ ਭਾਵ ਕਰਜ਼ਾ ਕਦੇ ਵੀ ਨਹੀਂ ਉਤਾਰਿਆ ਜਾ ਸਕਦਾ ਹੈ।

ਵਿਸ਼ਵ ਪੱਧਰ ‘ਤੇ ਬਜ਼ੁਰਗਾਂ ਲਈ ਕੋਈ ਦਿਨ ਮਨਾਉਣ ਦੀ ਗੱਲ ਸੰਨ 1990 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਵਿੱਚ 14 ਦਸੰਬਰ ਨੂੰ ਚੱਲੀ ਸੀ ਤੇ ਸਰਬਸੰਮਤੀ ਨਾਲ ਮਤਾ ਪ੍ਰਵਾਨ ਕੀਤਾ ਗਿਆ ਸੀ ਕਿ ਦੁਨੀਆਂ ਭਰ ਦੇ ਬਜ਼ੁਰਗਾਂ ਦੇ ਸਤਿਕਾਰ ਵਿੱਚ ਹਰ ਸਾਲ 1 ਅਕਤੂਬਰ ਦੇ ਦਿਨ ‘ ਕੌਮਾਂਤਰੀ ਬਜ਼ੁਰਗ ਦਿਵਸ’ ਮਨਾਇਆ ਜਾਵੇਗਾ ਤੇ ਇਹ ਦਿਨ ਮਨਾਏ ਜਾਣ ਦੀ ਸ਼ੁਰੂਆਤ ਸੰਨ 1991 ਵਿੱਚ ਹੋਈ ਸੀ ਜਦੋਂ ਦੁਨੀਆਂ ਭਰ ਵਿੱਚ ਸਭ ਤੋਂ ਪਹਿਲਾ ‘ ਕੌਮਾਂਤਰੀ ਬਜ਼ੁਰਗ ਦਿਵਸ ’ ਮਨਾਇਆ ਗਿਆ ਸੀ। ਅਸਲ ਵਿੱਚ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਇਸ ਦਿਨ ਮੌਕੇ ਬਜ਼ੁਰਗਾਂ ਨੂੰ ਦਰਪੇਸ਼ ਮੁਸਕਿਲਾਂ ਤੇ ਸਮੱਸਿਆਵਾਂ ਪ੍ਰਤੀ ਲੋਕਾਂ ਦਾ ਧਿਆਨ ਦੁਆਉਣਾ ਅਤੇ ਬਜ਼ੁਰਗਾਂ ਵੱਲੋਂ ਜੀਵਨ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਸਮਾਜ ਜਾਂ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਸਲਾਮ ਕਰਨਾ ਹੈ। ਸੰਯੁਕਤ ਰਾਸ਼ਟਰ ਸੰਘ ਇਹ ਮੰਨਦਾ ਹੈ ਕਿ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਸ ਦਿਨ ਆਪਣੇ ਘਰ, ਗਲੀ,ਮੁਹੱਲੇ ਜਾਂ ਕਿਸੇ ਬਿਰਧ ਆਸ਼ਰਮ ਵਿੱਚ ਮੌਜੂਦ ਕਿਸੇ ਬਜ਼ੁਰਗ ਨਾਲ ਸਮਾਂ ਬਿਤਾਇਆ ਜਾਵੇ,ਉਸਦੀਆਂ ਗੱਲਾਂ ਸੁਣੀਆਂ ਜਾਣ ਤੇ ਉਸਦੀਆਂ ਮਨਚਾਹੀਆਂ ਚੀਜ਼ਾਂ ਦੇ ਕੇ ਉਸਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਤੇ ਉਸਦਾ ਮਨ ਹਰ ਹਾਲ ਵਿੱਚ ਖ਼ੁਸ਼ ਕੀਤਾ ਜਾਵੇ।

ਬਜ਼ੁਰਗ ਹੋ ਚੁੱਕੇ ਵਿਅਕਤੀ ਦੀਆਂ ਅਸਲ ਵਿੱਚ ਕਈ ਪ੍ਰਕਾਰ ਦੀਆਂ ਸ਼ਰੀਰਕ,ਮਾਨਸਿਕ,ਭਾਵਨਾਤਮਕ ਜਾਂ ਆਰਥਿਕ ਪ੍ਰੇਸ਼ਾਨੀਆਂ ਹੁੰਦੀਆਂ ਹਨ। ਕੁਝ ਇੱਕ ਪੱਛਮੀ ਮੁਲਕਾਂ ਵਿੱਚ ਵੱਸਦੇ ਬਜ਼ੁਰਗਾਂ ਦਾ ਬੁਢਾਪਾ ਵਧੀਆ ਢੰਗ ਨਾਲ ਅਤੇ ਬਿਨਾ ਕਿਸੇ ਧੀ-ਪੁੱਤ ਦੀ ਮਦਦ ਦੇ ਬਿਤਾਉਣ ਦਾ ਜ਼ਿੰਮਾ ਸਰਕਾਰ ਦੇ ਸਿਰ ਹੈ ਤੇ ਹਰੇਕ ਬਜ਼ੁਰਗ ਨੂੰ ਲੋੜੀਂਦੀ ਹਰ ਮਦਦ ਸਰਕਾਰੀ ਤੌਰ ‘ਤੇ ਉਪਲਬਧ ਹੈ ਪਰ ਭਾਰਤ,ਪਾਕਿਸਤਾਨ,ਬੰਗਲਾਦੇਸ਼ ਜਾਂ ਹੋਰ ਏਸ਼ੀਆਈ ਅਤੇ ਅਫ਼ਰੀਕੀ ਮੁਲਕਾਂ ਵਿੱਚ ਗ਼ਰੀਬ ਤੇ ਬੇਸਹਾਰਾ ਬਜ਼ੁਰਗਾਂ ਦੀ ਹਾਲਤ ਕਾਫ਼ੀ ਮੰਦੀ ਤੇ ਤਰਸਯੋਗ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ ਹਰ ਰੋਜ਼ 1 ਲੱਖ 50 ਹਜ਼ਾਰ ਦੇ ਕਰੀਬ ਲੋਕ ਵੱਖ ਵੱਖ ਕਾਰਨਾਂ ਕਰਕੇ ਪ੍ਰਾਣ ਤਿਆਗਦੇ ਹਨ ਜਿਨ੍ਹਾ ਵਿੱਚੋਂ ਤਕਰੀਬਨ 1 ਲੱਖ ਵਿਅਕਤੀ ਭਾਵ 75 ਫ਼ੀਸਦੀ ਵਿਅਕਤੀ ਬੁਢਾਪੇ ਜਾਂ ਬੁਢਾਪੇ ਨਾਲ ਸਬੰਧਿਤ ਰੋਗਾਂ ਅਤੇ ਸਮੱਸਿਆਵਾਂ ਕਰਕੇ ਜਾਨ ਗੁਆਉਂਦੇ ਹਨ। ਉਦਯੋਗਿਕ ਮੁਲਕਾਂ ਵਿੱਚ ਤਾਂ ਕੁੱਲ ਮੌਤਾਂ ਵਿੱਚੋਂ ਬਜ਼ਰਗਾਂ ਦੀ ਮੌਤ ਦਾ ਅੰਕੜਾ 90 ਫ਼ੀਸਦੀ ਹੈ।

ਬਜ਼ਰੁਗ ਅਵਸਥਾ ਵਿੱਚ ਕਿਸੇ ਆਰਥਿਕ ਜਾਂ ਸਮਾਜਿਕ ਥੁੜ੍ਹ ਕਰਕੇ ਕਿਸੇ ਬਜ਼ੁਰਗ ਦਾ ਰੁਲ੍ਹਦਾ ਬੁਢਾਪਾ ਉਸ ਸਬੰਧਿਤ ਪਰਿਵਾਰ ਜਾਂ ਸਮਾਜ ਦੇ ਮੱਥੇ ‘ਤੇ ਕਲੰਕ ਹੈ। ਭਾਰਤ ਵਿੱਚ ਤੇ ਖ਼ਾਸ ਕਰਕੇ ਪੰਜਾਬ ਵਿੱਚ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਮਹੀਨਾਵਾਰ ਸਰਕਾਰੀ ਮਦਦ ਬਹੁਤ ਹੀ ਨਿਗੂਣੀ ਤੇ ਨਾਕਾਫ਼ੀ ਹੈ ਤੇ ਉਹ ਮਦਦ ਵੀ ਨਿਰੰਤਰ ਨਾ ਮਿਲਣਾ ਲੋੜਵੰਦ ਬਜ਼ੁਰਗਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਇੱਕ ਸਰਵੇ ਅਨੁਸਾਰ ਬਜ਼ੁਰਗਾਂ ਨੂੰ ਹੋਣ ਵਾਲੀਆਂ ਪ੍ਰਮੁੱਖ ਬਿਮਾਰੀਆਂ ਵਿੱਚ ਹੱਡੀਆਂ,ਅੱਖਾਂ ਤੇ ਦਿਲ ਸਬੰਧੀ ਰੋਗ ਹਨ। ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ, ਅਲਜ਼ਾਈਮਰ, ਪਾਰਕਿਨਸਨ, ਕੈਂਸਰ ਆਦਿ ਰੋਗ ਬਿਰਧਾਂ ਲਈ ਕਾਫ਼ੀ ਘਾਤਕ ਸਾਬਿਤ ਹੁੰਦੇ ਹਨ। 85 ਸਾਲ ਦੀ ਉਮਰ ਤੱਕ ਪੁੱਜਣ ਵਾਲੇ ਕੁੱਲ ਬਜ਼ੁਰਗਾਂ ਵਿੱਚੋਂ 30 ਫ਼ੀਸਦੀ ਬਜ਼ੁਰਗ ਕੈਂਸਰ ਦੀ ਮਾਰ ਹੇਠ ਆ ਜਾਂਦੇ ਹਨ ਤੇ ਦੂਜਾ ਵੱਡਾ ਹਮਲਾ ਇਨ੍ਹਾ ਉੱਤੇ ‘ ਸਟ੍ਰੋਕ’ ਦੇ ਰੂਪ ਵਿੱਚ ਹੁੰਦਾ ਹੈ। ਕੈਂਸਰ ਰੋਗ ਸਬੰਧਿਤ ਖੋਜੀ ਰਾਬਰਟ ਵੇਨਬਰਗ ਨੇ ਕਿਹਾ ਸੀ ‘‘ ਜੇਕਰ ਅਸੀਂ ਲੰਮੀ ਉਮਰ ਭੋਗਦੇ ਹਾਂ ਤਾਂ ਚਾਹੇ ਛੇਤੀ ਤੇ ਚਾਹੇ ਦੇਰ ਨਾਲ ਅਸੀਂ ਕੈਂਸਰ ਦੇ ਸ਼ਿਕਾਰ ਜ਼ਰੂਰ ਬਣਾਂਗੇ ’’।

ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਉਂਜ ਤਾ ਸਟ੍ਰੋਕ ਕਿਸੇ ਵੀ ਉਮਰ ਵਿੱਚ ਮਨੁੱਖੀ ਸਰੀਰ ‘ਤੇ ਹਮਲਾ ਕਰ ਸਕਦਾ ਹੈ ਪਰ ਦੁਨੀਆਂ ਭਰ ਵਿੱਚ ਆਉਣ ਵਾਲੇ ਸਟ੍ਰੋਕ ਦੇ ਕੁੱਲ ਮਾਮਲਿਆਂ ਵਿੱਚੋਂ 95 ਫ਼ੀਸਦੀ ਸਟ੍ਰੋਕ 45 ਸਾਲ ਦੀ ਉਮਰ ਤੋਂ ਬਾਅਦ ਅਤੇ 67 ਫ਼ੀਸਦੀ ਸਟ੍ਰੋਕ 65 ਜਾਂ ਇਸ ਤੋਂ ਵੱਧ ਦੀ ਉਮਰ ਵਿੱਚ ਆਉਂਦੇ ਹਨ। ਸਾਲ 2011 ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ 6.2 ਮਿਲੀਅਨ ਭਾਵ ਕੁੱਲ ਮੌਤਾਂ ਵਿੱਚੋਂ 11 ਫ਼ੀਸਦੀ ਮੌਤਾਂ ਦਾ ਮੁੱਢਲਾ ਕਾਰਨ ‘ਸਟ੍ਰੋਕ’ ਹੀ ਸੀ। ਇੱਕ ਹੈਰਾਨੀਜਨਕ ਅੰਕੜਾ ਇਹ ਵੀ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਵਿੱਚੋਂ 59 ਤੋਂ ਲੈ ਕੇ 75 ਫ਼ੀਸਦੀ ਤੱਕ ਮਹਿਲਾਵਾਂ ਹੀ ਹੁੰਦੀਆਂ ਹਨ ਜੋ ਕਿ ਬਹੁਤ ਹੀ ਮਾਣ ਦੀ ਗੱਲ ਹੈ। ਇਹ ਤੱਥ ਵੀ ਪ੍ਰਸ਼ੰਸ਼ਾਯੋਗ ਪਾਇਆ ਗਿਆ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਅਮਲੇ ਵਿੱਚ ਸ਼ਾਮਿਲ ਮਹਿਲਾ ਕਰਮਚਾਰੀਆਂ ਨੇ ਪੁਰਸ਼ ਕਰਮਚਾਰੀਆਂ ਦੀ ਬਨਿਸਪਤ 50 ਫ਼ੀਸਦੀ ਵੱਧ ਸਮਾਂ ਬਜ਼ੁਰਗਾਂ ਦੀ ਸੇਵਾ ਜਾਂ ਦੇਖਭਾਲ ਵਿੱਚ ਬਿਤਾਇਆ ਸੀ।

ਮੋਬਾਇਲ: 97816-46008

Share This Article
Leave a Comment