ਚੰਡੀਗੜ੍ਹ : ਪੰਜਾਬ ਭਵਨ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀਆਂ ਸਮੇਤ ਨਵਜੋਤ ਸਿੰਘ ਸਿੱਧੂ ਨੂੰ ਮਣਾਉਣ ਲਈ ਮੀਟਿੰਗ ਕਰ ਰਹੇ ਹਨ, ਬਾਹਰ ਨਰਸਾਂ ਅਤੇ ਹੋਮ ਗਾਰਡਜ਼ ਜਵਾਨਾਂ ਦੇ ਵਾਰਸਾਂ ਵੱਲੋਂ ਵੱਖੋ-ਵੱਖ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵੱਲੋਂ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਹੈ।
ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਆਰਜ਼ੀ ਤੌਰ ਤੇ ਕੰਮ ਕਰ ਰਹੀਆਂ ਸੈਂਕੜੇ ਨਰਸਾਂ ਨੂੰ ਅੱਜ ਅਚਾਨਕ ਘਰ ਚਲੇ ਜਾਣ ਦੇ ਹੁਕਮ ਦੇ ਦਿੱਤੇ ਗਏ, ਜਿਸ ਕਾਰਨ ਰੋਹ ਵਿੱਚ ਆਈਆਂ ਨਰਸਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਦੀ ਮੰਗ ਕੀਤੀ ਅਤੇ ਪੰਜਾਬ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ।
ਹੱਦ ਤਾਂ ਉਦੋਂ ਹੋ ਗਈ ਜਦੋਂ ਨੌਕਰੀ ਦੀ ਮੰਗ ਨੂੰ ਲੈ ਕੇ ਪੰਜਾਬ ਭਵਨ ਦੇ ਬਾਹਰ ਨਾਅਰੇਬਾਜ਼ੀ ਕਰ ਰਹੀਆਂ ਨਰਸਾਂ ਨੂੰ ਲੇਡੀ ਪੁਲਿਸ ਨੇ ਨਾ ਸਿਰਫ ਧੱਕੇ ਮਾਰੇ ਸਗੋਂ ਉਨ੍ਹਾਂ ਨੂੰ ਖਿੱਚ ਕੇ ਬੱਸ ਵਿਚ ਡੱਕਣ ਦੀ ਕੋਸ਼ਿਸ਼ ਵੀ ਕੀਤੀ।
ਰੋਹ ਵਿੱਚ ਆਈਆਂ ਨਰਸਾਂ ਨੇ ਕਿਹਾ ਕਿ ਕੋਵਿਡ ਸਮੇਂ ਉਨ੍ਹਾਂ ਨੂੰ ਫਰੰਟ ਲਾਈਨ ਵਰਕਰ ਕਹਿ ਕੇ ਹੱਥਾਂ ‘ਤੇ ਚੁੱਕਿਆ ਗਿਆ ਪਰ ਹੁਣ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਹ ਉਨਾਂ ਨਾਲ ਸਰਾਸਰ ਧੱਕਾ ਹੈ।
ਦੱਸਣਯੋਗ ਹੈ ਕਿ ਇਹ ਨਰਸਾਂ ਆਰਜ਼ੀ ਤੌਰ ‘ਤੇ ਕੰਮ ਕਰ ਰਹੀਆਂ ਸਨ, ਹੁਣ ਉਹਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ ਸਗੋਂ ਰੈਗੂਲਰ ਕੀਤਾ ਜਾਵੇ।