ਸ਼ਬਦ ਵਿਚਾਰ 76 – ਜਪੁ ਜੀ ਸਾਹਿਬ

TeamGlobalPunjab
6 Min Read

ਸ਼ਬਦ ਵਿਚਾਰ – 76

ਜਪੁ ਜੀ ਸਾਹਿਬ

ਡਾ. ਗੁਰਦੇਵ ਸਿੰਘ*

          ਸ਼ਬਦ ਵਿਚਾਰ ਦੀ ਲੜੀ ਅਧੀਨ ਹੁਣ ਤਕ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਵਿਚਾਰ ਕੀਤੀ ਗਈ ਜੋ ਕਿ ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਹੁਣ ਸਾਹਿਬ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਜਾ ਰਹੀ ਹੈ।

          ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਦੀ ਬਾਣੀ ਵਿੱਚ ਸਰਬ ਪ੍ਰਥਮ ਨਾਮ ਜਪੁ ਜੀ ਸਾਹਿਬ ਦਾ ਆਉਂਦਾ ਹੈ। ਸੋ ਅੱਜ ਅਸੀਂ ਜਪੁਜੀ ਸਾਹਿਬ ਦੀ ਵਿਚਾਰ ਸ਼ੁਰੂ ਕਰਾਂਗੇ। ਸ਼ਬਦ ਵਿਚਾਰ ਲਈ ਅਧਾਰ ਸਰੋਤ ਪ੍ਰੋ. ਸਾਹਿਬ ਸਿੰਘ ਜੀ ਦੀ ਦੁਆਰਾ ਕੀਤਾ ਗਿਆ ਗੁਰਬਾਣੀ ਦਾ ਟੀਕਾ ਜੋ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਰੂਪ ਵਿੱਚ ਉਪਲੱਬਧ ਹੈ, ਨੂੰ ਬਣਾਇਆ ਗਿਆ ਹੈ। ਜਪੁ ਜੀ ਸਾਹਿਬ ਦੀਆਂ ਕੁੱਲ 38 ਪਉੜੀਆਂ ਹਨ। ਇਸ ਬਾਣੀ ਦਾ ਪ੍ਰਾਰੰਭ ਮੂਲ ਮੰਤਰ ਨਾਲ ਹੁੰਦਾ ਹੈ। ਆਖੀਰ ਵਿੱਚ ਸਲੋਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥’ ਅੰਕਿਤ ਹੈ। ਜਪੁ ਜੀ ਸਾਹਿਬ ਦੇ ਸ਼ੁਰੂ ਵਿੱਚ ਦਿੱਤਾ ਮੰਗਲਾਚਰਣ ਸਿੱਖਾਂ ਮੂਲ ਮੰਤਰ ਹੈ ਜਿਸ ਵਿੱਚ ਅਕਾਲ ਪੁਰਖ ਨੂੰ ਪਰਿਭਾਸ਼ਤ ਕੀਤਾ ਗਿਆ ਹੈ:

- Advertisement -

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

“ੴ” ਦਾ ਉੱਚਾਰਨ ਹੈ ” ਇਕ (ਏਕ) ਓਅੰਕਾਰ” ਅਤੇ ਇਸਦਾ ਅਰਥ ਹੈ “ਇਕ ਅਕਾਲ ਪੁਰਖ, ਜੋ ਇਕ-ਰਸ ਵਿਆਪਕ ਹੈ”। ‘ਓ’ ਸੰਸਕ੍ਰਿਤ ਦਾ ਸ਼ਬਦ ਹੈ। ਅਮਰ ਕੋਸ਼ ਅਨੁਸਾਰ ਇਸ ਦੇ ਤਿੰਨ ਅਰਥ ਹਨ: (1) ਵੇਦ ਆਦਿ ਧਰਮ-ਪੁਸਤਕਾਂ ਦੇ ਅਰੰਭ ਅਤੇ ਅਖ਼ੀਰ ਵਿਚ, ਅਰਦਾਸ ਜਾਂ ਕਿਸੇ ਪਵਿੱਤਰ ਧਰਮ-ਕਾਰਜ ਦੇ ਅਰੰਭ ਵਿਚ ਅੱਖਰ ‘ਓਂ’ ਪਵਿੱਤਰ ਅੱਖਰ ਜਾਣ ਕੇ ਵਰਤਿਆ ਜਾਂਦਾ ਹੈ। (2) ਕਿਸੇ ਹੁਕਮ ਜਾਂ ਪ੍ਰਸ਼ਨ ਆਦਿਕ ਦੇ ਉੱਤਰ ਵਿਚ ਆਦਰ ਅਤੇ ਸਤਿਕਾਰ ਨਾਲ ‘ਜੀ ਹਾਂ’ ਆਖਣਾ। ਸੋ, ‘ਓਂ’ ਦਾ ਅਰਥ ਹੈ ‘ਜੀ ਹਾਂ’। (3) ਓਂ = ਬ੍ਰਹਮ।

ਸਤਿਨਾਮੁ = ਜਿਸ ਦਾ ਨਾਮ ‘ਸਤਿ’ ਹੈ। ਲਫ਼ਜ਼ ‘ਸਤਿ’ ਦਾ ਸੰਸਕ੍ਰਿਤ ਸਰੂਪ ‘ਸਤਯ’ ਹੈ, ਇਸ ਦਾ ਅਰਥ ਹੈ ‘ਹੋਂਦ ਵਾਲਾ’। ਇਸ ਦਾ ਧਾਤੂ ‘ਅਸ’ ਹੈ, ਜਿਸ ਦਾ ਅਰਥ ਹੈ ‘ਹੋਣਾ’। ਸੋ ‘ਸਤਿਨਾਮ’ ਦਾ ਅਰਥ ਹੈ “ਉਹ ਇਕ ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ”।

ਪੁਰਖੁ = ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਲਫ਼ਜ ਦਾ ਅਰਥ ਇਉਂ ਕੀਤਾ ਗਿਆ ਹੈ, ‘ਪੂਰਿ ਸ਼ੇਤੇ ਇਤਿ ਪੁਰੁਸ਼ਹ’, ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ’। ਸੰਸਕ੍ਰਿਤ ਵਿਚ ਆਮ ਪ੍ਰਚਲਤ ਅਰਥ ਹੈ ‘ਮਨੁੱਖ’। ਭਗਵਤ ਗੀਤਾ ਵਿਚ ‘ਪੁਰਖੁ’ ‘ਆਤਮਾ’ ਦੇ ਅਰਥਾਂ ਵਿਚ ਵਰਤਿਆ ਗਿਆ ਹੈ। ‘ਰਘੂਵੰਸ਼’ ਵਿਚ ਇਹ ਸ਼ਬਦ ‘ਬ੍ਰਹਮਾਂਡ ਵਾ ਆਤਮਾ’ ਦੇ ਅਰਥਾਂ ਵਿਚ ਆਇਆ ਹੈ, ਇਸੇ ਤਰ੍ਹਾਂ ਪੁਸਤਕ “ਸ਼ਿਸ਼ੂਪਾਲ ਵਧ” ਵਿਚ ਭੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਪੁਰਖੁ’ ਦਾ ਅਰਥ ਹੈ ‘ਓਹੁ ਓਅੰਕਾਰ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ’। ‘ਮਨੁੱਖ’ ਅਤੇ ‘ਆਤਮਾ’ ਅਰਥ ਵਿਚ ਭੀ ਇਹ ਸ਼ਬਦ ਕਈ ਥਾਈਂ ਆਇਆ ਹੈ।

ਅਕਾਲ ਮੂਰਤਿ = ਸ਼ਬਦ ‘ਮੂਰਤਿ’ ਇਸਤ੍ਰੀ ਲਿੰਗ ਹੈ, ‘ਅਕਾਲ’ ਇਸ ਦਾ ਵਿਸ਼ੇਸ਼ਣ ਹੈ, ਇਹ ਭੀ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ। ਜੇ ਸ਼ਬਦ ‘ਅਕਾਲ’ ਇਕੱਲਾ ਹੀ ‘ਪੁਰਖੁ’, ‘ਨਿਰਭਉ’, ਨਿਰਵੈਰੁ’ ਵਾਂਗ ੴ ਦਾ ਗੁਣ-ਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿਚ ਹੁੰਦਾ; ਤਾਂ ਇਸ ਦੇ ਅੰਤ ਵਿਚ (ੁ) ਹੁੰਦਾ। ਲਫ਼ਜ਼ ‘ਮੂਰਤੁ’ ਸੰਸਕ੍ਰਿਤ ਦਾ ਲਫ਼ਜ਼ ‘ਮੁਹੂਰਤ’ ਹੈ। ਚਸਾ, ਮੁਹੂਰਤ ਆਦਿਕ ਸ਼ਬਦ ਸਮੇਂ ਦੀ ਵੰਡ ਵਿਚ ਵਰਤੀਂਦੇ ਹਨ। ਇਹ ਸ਼ਬਦ ਪੁਲਿੰਗ ਹਨ।

- Advertisement -

ਅਜੂਨੀ = ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ।

ਸੈਭੰ = ਸ੍ਵਯੰਭੂ (ਸ੍ਵ = ਸ੍ਵਯੰ। ਭੰ = ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਗੁਰ ਪ੍ਰਸਾਦਿ = ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਭਾਵ, ਉਪਰੋਕਤ ‘ੴ’ ਗੁਰੂ ਦੀ ਕਿਰਪਾ ਨਾਲ (ਮਿਲਦਾ ਹੈ) ।

ਸੋ ਮੂਲ ਮੰਤਰ ਦੇ ਅਰਥ ਹਨ ਕਿ ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਇਹ ਗੁਰਸਿੱਖੀ ਦਾ ਮੂਲ-ਮੰਤਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ ‘ਜਪੁ’। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ-ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ ‘ਜਪੁ’ ਵੱਖਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਇਹ ਮੂਲ-ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿਚ ਭੀ ਲਿਖਿਆ ਮਿਲਦਾ ਹੈ। ਬਾਣੀ ‘ਜਪੁ’ ਲਫ਼ਜ਼ ‘ਆਦਿ ਸਚੁ’ ਤੋਂ ਸ਼ੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸ਼ੁਰੂ ਵਿਚ ਭੀ ਇਹੀ ਮੂਲ-ਮੰਤਰ ਹੈ, ਪਰ ‘ਵਾਰ’ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ, ਤਿਵੇਂ ਹੀ ਇੱਥੇ ਹੈ। ‘ਜਪੁ’ ਦੇ ਅਰੰਭ ਵਿਚ ਮੰਗਲਾਚਰਨ ਦੇ ਤੌਰ ‘ਤੇ ਇਕ ਸਲੋਕ ਉਚਾਰਿਆ ਗਿਆ ਹੈ। ਫਿਰ ‘ਜਪੁ’ ਸਾਹਿਬ ਦੀਆਂ 38 ਪਉੜੀਆਂ ਹਨ। ਕੱਲ੍ਹ ਜਪੁ ਜੀ ਸਾਹਿਬ ਦੀ ਬਾਣੀ ਦੀ ਵਿਚਾਰ ਪ੍ਰਾਰੰਭ ਕਰਾਂਗੇ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment