ਪਟਿਆਲਾ/ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪਾਰਟੀ ਅੰਦਰ ਭੂਚਾਲ ਆਇਆ ਹੋਇਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਉਹ ਆਪਣੇ ਮੰਤਰੀਆਂ ਨਾਲ ਸਿੱਧੂ ਸਬੰਧੀ ਚਰਚਾ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ ।
ਉਧਰ ਸਿੱਧੂ ਦੇ ਹਮਾਇਤੀ ਕਾਂਗਰਸੀ ਵਿਧਾਇਕਾਂ ਨੇ ਵੀ ਭੱਜ-ਦੌੜ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਸਿੱਧੂ ਨੂੰ ਮਿਲਨ ਲਈ ਉਨ੍ਹਾਂ ਦੇ ਪਟਿਆਲਾ ਸਥਿਤ ਘਰ ਵਿਖੇ ਪਹੁੰਚ ਰਹੇ ਹਨ। ਸਿੱਧੂ ਦੇ ਖਾਸਮਖਾਸ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਸਿੱਧੂ ਦੀ ਪਟਿਆਲਾ ਰਿਹਾਇਸ਼ ਤੇ ਪਹੁੰਚੇ ਹਨ। ਬੁਲਾਰਿਆਂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਉਹ ਸਿੱਧੇ ਸਿੱਧੂ ਨਾਲ ਮੁਲਾਕਾਤ ਕਰਨ ਲਈ ਚਲੇ ਗਏ।
ਤਾਜ਼ਾ ਖ਼ਬਰ ਇਹ ਹੈ ਕਿ ਰਜ਼ੀਆ ਸੁਲਤਾਨਾ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਆਪਣੇ ਪਤੀ ਮੁਹੰਮਦ ਮੁਸਤਫ਼ਾ ਨਾਲ ਨਵਜੋਤ ਸਿੱਧੂ ਦੇ ਪਟਿਆਲਾ ਘਰ ਪਹੁੰਚੇ ਹਨ।
ਦੂਜੇ ਪਾਸੇ ਹਾਲ ਹੀ ਵਿੱਚ ਕਾਂਗਰਸ ‘ਚ ਸ਼ਾਮਲ ਹੋਏ ਸੁਖਪਾਲ ਸਿੰਘ ਖਹਿਰਾ ਨੇ ਹਾਈਕਮਾਂਡ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।
ਖਹਿਰਾ ਨੇ ਨਵਜੋਤ ਸਿੱਧੂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਸਤੀਫ਼ੇ ‘ਤੇ ਮੁੜ ਵਿਚਾਰ ਕਰਨ । ਨਾਲ ਹੀ ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਵਲੋਂ ਉਠਾਏ ਗਏ ਅਹਿਮ ਮੁੱਦਿਆਂ ਦਾ ਨਿਪਟਾਰਾ ਕਰਣ।
ਖਹਿਰਾ ਨੇ ਤਾਂ ਦੋ ਕਦਮ ਅੱਗੇ ਵਧਦੇ ਹੋਏ ਇਹ ਸੁਝਾਅ ਵੀ ਦੇ ਦਿੱਤਾ ਕਿ ਮੌਜੂਦਾ ਸੰਕਟਾਂ ਨੂੰ ਸੁਲਝਾਉਣ ਦਾ ਇੱਕ ਤਰੀਕਾ ਇਹ ਹੈ ਕਿ ਵਿਵਾਦਾਂ ਦੇ ਕੇਂਦਰ ਵਿੱਚ ਰਹਿਣ ਵਾਲੇ ਨੇਤਾਵਾਂ/ਅਧਿਕਾਰੀਆਂ ਨੂੰ ਪਾਰਟੀ ਹਾਈ ਕਮਾਂਡ ਜਾਂ ਨਵਜੋਤ ਸਿੱਧੂ ਦੇ ਸਬਰ ਦੀ ਪਰਖ ਕਰਨ ਦੀ ਬਜਾਏ ਆਪਣੀ ਮਰਜ਼ੀ ਨਾਲ ਆਪਣੇ ਅਹੁਦੇ ਛੱਡ ਦੇਣੇ ਚਾਹੀਦੇ ਹਨ।
One of the way to resolve the current crises is that those in the center of controversy leaders/officers should voluntarily quit their positions instead of testing the patience of either the party high command or @sherryontopp -khaira https://t.co/E95OUYkmM5
— Sukhpal Singh Khaira (@SukhpalKhaira) September 28, 2021
ਫਿਲਹਾਲ ਸਿੱਧੂ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਜੰਮ ਕੇ ਉਛਾਲ ਰਹੀਆਂ ਹਨ।