ਨਿਊਜ਼ ਡੈਸਕ: ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦੀ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਇੱਕ ਤਸਵੀਰ ਵਾਇਰਲ ਹੋਈ ਸੀ। ਉਸ ਤਸਵੀਰ ’ਤੇ ਉਦੋਂ ਵੀ ਕੁਝ ਲੋਕਾਂ ਨੇ ਵਿਰੋਧ ਕੀਤਾ ਸੀ ਅਤੇ ਰਣਜੀਤ ਬਾਵਾ ਦੇ ਪੀ. ਏ. ਨੇ ਇਹ ਬਿਆਨ ਦਿੱਤਾ ਸੀ ਕਿ ਇਹ ਤਸਵੀਰ ਇਕ ਸ਼ੂਟ ਸਮੇਂ ਦੀ ਹੈ ਤੇ ਜਿਸ ਜਗ੍ਹਾ ’ਤੇ ਉਹ ਸ਼ੂਟਿੰਗ ਕਰ ਰਹੇ ਸਨ, ਉਸ ਦਾ ਮਾਲਕ ਗੁਰਦੀਪ ਰਾਣੋ ਸੀ।
ਬੀਤੇ ਦਿਨੀਂ ਇਸ ਤਸਵੀਰ ਨੂੰ ਲੈ ਕੇ ਭਾਜਪਾ ਲੀਡਰ ਅਸ਼ੋਕ ਸਰੀਨ ਨੇ ਰਣਜੀਤ ਬਾਵਾ ’ਤੇ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਅਸ਼ੋਕ ਸਰੀਨ ਨੇ ਕਿਹਾ ਕਿ ਰਣਜੀਤ ਬਾਵਾ ਦਾ ਨਸ਼ਾ ਤਸਕਰ ਗੁਰਦੀਪ ਰਾਣੋ ਨਾਲ ਸਬੰਧ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਹੁਣ ਇਸ ਮਾਮਲੇ ’ਤੇ ਰਣਜੀਤ ਬਾਵਾ ਨੇ ਮੁੜ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਣਜੀਤ ਬਾਵਾ ਨੇ ਲਿਖਿਆ ਕਿ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਨਾਲ ਹਾਂ ਅਤੇ ਰਹਾਂਗੇ। ਬਾਕੀ ਗੱਲ ਰਹੀ ਫੋਟੋ ਦੀ ਤਾਂ ਉਸ ਮਾਲਕ ਨੇ ਮਿਹਨਤ ਕਰਵਾ ਕੇ ਇੰਨੇ ਜੋਗਾ ਕੀਤਾ ਕਿ ਲੋਕ ਪਿਆਰ ਕਰਦੇ ਤੇ ਤਸਵੀਰਾਂ ਕਰਵਾਉਂਦੇ ਹਨ।
ਰਣਜੀਤ ਬਾਵਾ ਨੇ ਅੱਗੇ ਲਿਖਿਆ ਕਿ ‘ਤਸਵੀਰ ਕਰਵਾਉਣ ਵੇਲੇ ਕਿਸੇ ਦਾ ਕਰੈਕਟਰ ਸਰਟੀਫਿਕੇਟ ਨਹੀਂ ਦੇਖਿਆ ਜਾਂਦਾ। ਮਾਲਕ ਅਕਲ ਦੇਵੇ ਵਿਰੋਧ ਕਰਨ ਵਾਲਿਆ ਨੂੰ।’