ਲੰਦਨ : ਰੁਲਦਾ ਸਿੰਘ ਦੇ ਕਤਲ ਦੀ ਸਾਜ਼ਿਸ਼ ਦੇ ਸ਼ੱਕ ‘ਚ ਗ੍ਰਿਫਤਾਰ 3 ਬਰਤਾਨਵੀ ਸਿੱਖ ਨੌਜਵਾਨਾਂ ਨੂੰ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਕਰਾਊਨ ਪ੍ਰਾਸੀਕਿਊਸ਼ਨ ਸਰਵਿਸ (ਸੀ. ਪੀ. ਐੱਸ.) ਨੇ ਇਸ ਕੇਸ ‘ਚ ਗ੍ਰਿਫ਼ਤਾਰ 3 ਬਰਤਾਨਵੀ ਸਿੱਖ ਨੌਜਵਾਨਾਂ ‘ਤੇ ਦਰਜ ਕੇਸ ਨੂੰ ਰੱਦ ਕਰ ਦਿੱਤਾ ਹੈ। ਹੁਣ ਇਹਨਾਂ ਨੌਜਵਾਨਾਂ ਦੀ ਭਾਰਤ ਨੂੰ ਹਵਾਲਗੀ ਨਹੀਂ ਹੋਵੇਗੀ।
ਬਰਤਾਨੀਆ ਪੁਲਿਸ ਨੇ ਸਾਲ 2009 ਵਿਚ ਪਟਿਆਲਾ ਵਿਖੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦੀ ਸਾਜ਼ਿਸ਼ ਦੇ ਸ਼ੱਕ ‘ਚ 3 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਬਰਤਾਨੀਆ ਪੁਲਿਸ ਨੇ ਕਰੀਬ 9 ਮਹੀਨੇ ਪਹਿਲਾਂ, ਕੋਵੈਂਟਰੀ ਤੋਂ ਗੁਰਸ਼ਰਨਵੀਰ ਸਿੰਘ ਵਾਹੀਵਾਲਾ ਅਤੇ ਉਸਦੇ ਭਰਾ ਅਮ੍ਰਿਤਵੀਰ ਸਿੰਘ ਵਾਹੀਵਾਲਾ ਅਤੇ ਪਿਆਰਾ ਸਿੰਘ ਗਿੱਲ ਨੂੰ ਵੁਲਵਰਹੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਸੀ।
ਅਦਾਲਤ ਦੇ ਇਸ ਫ਼ੈਸਲੇ ਨਾਲ ਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਉਨ੍ਹਾਂ ਨੂੰ ਭਾਰਤ ਡਿਪੋਰਟ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਕੇਸ ਦੀ ਸੁਣਵਾਈ ਦੌਰਾਨ ਵੱਡੀ ਗਿਣਤੀ ‘ਚ ਸਿੱਖ ਭਾਈਚਾਰਾ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਦੇ ਬਾਹਰ ਮੌਜੂਦ ਸੀ। ਇਹਨਾਂ ਵਲੋਂ ਤਿੰਨਾਂ ਨੌਜਵਾਨਾਂ ਦੀ ਭਾਰਤ ਡਿਪੋਰਟ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ।