ਚੰਨੀ ਨੇ ਸੰਭਾਲੀ ਕਮਾਨ, ਕਾਂਗਰਸੀ ਵੀ ਹੋਏ ਹੈਰਾਨ, ਵਿਰੋਧੀਆਂ ‘ਚ ਪਊ ਘਮਸਾਣ!

TeamGlobalPunjab
5 Min Read

-ਪ੍ਰਭਜੋਤ ਕੌਰ;

ਕਾਂਗਰਸ ਚੁਣਾਵੀ ਲਹਿਰਾਂ ਨੂੰ ਪੜ੍ਹਨਾ ਸਿੱਖ ਗਈ ਹੈ, ਸ਼ਾਇਦ ਇਸ ਲਈ ਪੰਜਾਬ ਦਾ ਨਵਾਂ ਮੁੱਖ ਮੰਤਰੀ ਦਲਿਤ ਭਾਈਚਾਰੇ ਨਾਲ ਸਬੰਧਤ ਬਣਾਇਆ ਗਿਆ ਹੈ। ਉਹ ਭਾਈਚਾਰਾ ਜਿਸ ਦੀ ਗਿਣਤੀ ਪੰਜਾਬ ਵਿੱਚ ਇੱਕ ਤਿਹਾਈ ਯਾਨੀ 32.5 ਫੀਸਦ ਹੈ। 1966 ਨੂੰ ਜਦੋਂ ਪੰਜਾਬ ਬਣਿਆ ਜਾਂ ਉਸ ਤੋਂ ਪਹਿਲਾਂ ਵੀ ਜਿਹੜਾ ਸੰਯੁਕਤ ਪੰਜਾਬ ਸੀ ਉਦੋਂ ਤੋਂ ਲੈ ਹੁਣ ਤੱਕ ਕਦੇ ਵੀ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਨਹੀਂ ਬਣਿਆ। ਦਲਿਤ ਭਾਈਚਾਰੇ ਨੂੰ ਰਾਜਨੀਤੀ ਵਿੱਚ ਸਰਗਰਮ ਕਰਨ ਦਾ ਕੰਮ ਕਾਂਸ਼ੀਰਾਮ ਨੇ ਕੀਤਾ। ਕਾਂਸ਼ੀਰਾਮ ਦਾ ਇੱਕ ਹੀ ਸੁਪਨਾ ਸੀ ਕਿ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਬਣਾਉਣਾ ਪਰ ਉਹ ਉਸ ਵੇਲੇ ਆਪਣਾ ਸੁਪਨਾ ਤਾਂ ਪੂਰਾ ਨਹੀਂ ਕਰ ਪਾਏ, ਪਰ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਹੁਣ ਕਾਂਗਰਸ ਨੇ ਕਾਂਸ਼ੀਰਾਮ ਦੇ ਸੁਪਨੇ ਨੂੰ ਬੂਰ ਲਾਇਆ ਹੈ।

ਚਰਨਜੀਤ ਸਿੰਘ ਚੰਨੀ ਨੇ ਆਪਣਾ ਸਿਆਸੀ ਸਫ਼ਰ ਬਤੌਰ ਕੌਂਸਲਰ ਤੋਂ ਸ਼ੁਰੂ ਕੀਤਾ ਸੀ ਜਿਸਨੇ ਅੱਜ ਮੁੱਖ ਮੰਤਰੀ ਤੱਕ ਪੈਂਡਾ ਪੁੱਟ ਲਿਆ। ਚੰਨੀ ਤਿੰਨ ਵਾਰੀ ਕੌਂਸਲਰ ਰਹੇ ਅਤੇ ਫਿਰ ਨਗਰ ਕੌਂਸਲ ਖਰੜ ਦੇ ਪ੍ਰਧਾਨ ਵੀ ਬਣੇ ਸਨ। ਚਰਨਜੀਤ ਸਿੰਘ ਚੰਨੀ ਨੇ ਆਜ਼ਾਦ ਉਮੀਦਵਾਰ ਵੱਜੋਂ ਹਲਕਾ ਚਮਕੌਰ ਸਾਹਿਬ ਤੋਂ ਚੋਣ ਲੜੀ ਤੇ ਵੱਡੀ ਜਿੱਤ ਹਾਸਲ ਕਰਕੇ ਵਿਧਾਨ ਸਭਾ ਪਹੁੰਚੇ। ਫਿਰ ਪੰਜਾਬ ਦੀ ਸਿਆਸਤ ਵਿੱਚ ਚੰਨੀ ਲਗਾਤਾਰ ਸਰਗਰਮ ਰਹੇ। ਦਲਿਤਾਂ ਦੇ ਮੁੱਦੇ ਲਗਾਤਾਰ ਚੁੱਕਦੇ ਰਹੇ ਅਤੇ ਹਲਕੇ ਦੇ ਲੋਕਾਂ ਨੇ ਵੀ ਚੰਨੀ ਨੂੰ ਪੂਰਾ ਸਨਮਾਨ ਦਿੱਤਾ। ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਚੰਨੀ 2012 ਵਿੱਚ ਪਾਰਟੀ ਦੀ ਟਿਕਟ ‘ਤੇ ਚੋਣ ਲੜੇ ਅਤੇ ਜਿੱਤੇ। 2017 ਵਿੱਚ ਵੀ ਹਲਕਾ ਚਮਕੌਰ ਸਾਹਿਬ ਤੋਂ ਚੰਨੀ ਨੇ ਤੀਸਰੀ ਵਾਰ ਜਿੱਤ ਹਾਸਲ ਕੀਤੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਪੰਜਾਬ ਨੂੰ ਪਹਿਲੀ ਵਾਰ 2 ਡਿਪਟੀ ਸੀਐਮ ਵੀ ਮਿਲੇ। ਅੰਮ੍ਰਿਤਸਰ ਸ਼ਹਿਰੀ ਤੋਂ ਵਿਧਾਇਕ ਓਮ ਪ੍ਰਕਾਸ਼ ਸੋਨੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਅੱਜ ਬਤੌਰ ਉਪ ਮੁੱਖ ਮੰਤਰੀ ਹਲਫ਼ ਲਿਆ। ਕੁਰਸੀ ਦੀ ਇਸ ਦੌੜ ਵਿੱਚ ਸਿਆਸੀ ਘਟਨਾਕ੍ਰਮ ਇਸ ਕਦਰ ਘਟਿਆ ਕਿ ਹਾਈਕਮਾਨ ਦੇ ਫੈਸਲੇ ਨੇ ਕਾਂਗਰਸੀਆਂ ਦੇ ਨਾਲ-ਨਾਲ ਵਿਰੋਧੀਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਕੈਪਟਨ ਅਮਰਿੰਦਰ ਸਿੰਘ ਤੋਂ ਅਹੁਦਾ ਖੋਹਣ ਦਾ ਪਲਾਨ ਤਾਂ ਇੱਕ ਸਾਲ ਪਹਿਲਾਂ ਹੀ ਤਿਆਰ ਹੋ ਗਿਆ ਸੀ। ਫਿਰ ਹਾਈਕਮਾਨ ਨੇ ਵੀ ਨਵਜੋਤ ਸਿੱਧੂ ਦੇ ਧੜੇ ਵੱਲੋਂ ਕੀਤੀ ਬਗਾਵਤ ਦਾ ਮੌਕਾ ਸਾਂਭਿਆ ਤੇ ਅੱਜ ਪੰਜਾਬ ਵਿੱਚ ਤਸਵੀਰ ਸਾਫ਼ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਦੀ ਰੇਸ ਵਿੱਚ ਸਭ ਤੋਂ ਅੱਗੇ ਸੁਨੀਲ ਜਾਖੜ ਦਾ ਨਾਮ ਚੱਲ ਰਿਹਾ ਸੀ। ਫਿਰ ਸੁਖਜਿੰਦਰ ਰੰਧਾਵਾ ਸਾਹਮਣੇ ਆਏ। ਰੰਧਾਵਾ ਦੇ ਨਾਮ ‘ਤੇ ਤਾਂ ਕਈ ਚੈਨਲਾਂ ਨੇ ਮੋਹਰ ਵੀ ਲਗਾ ਦਿੱਤੀ ਸੀ। ਵੀਕੀਪੀਡੀਆ ਨੇ ਵੀ ਤਿੰਨ ਘੰਟੇ ‘ਚ 2 ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਬਦਲ ਦਿੱਤਾ ਸੀ। ਫਿਰ ਜਿਵੇਂ ਹੀ ਹਰੀਸ਼ ਰਾਵਤ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਕਾਂਗਰਸ ਵੱਲੋਂ ਵਿਧਾਇਕ ਦਲ ਦੇ ਲੀਡਰ ਚਰਨਜੀਤ ਚੰਨੀ ਹੋਣਗੇ ਤਾਂ ਸਭ ਹੈਰਾਨ ਰਿਹ ਗੲ।

- Advertisement -

ਕਾਂਗਰਸੀਆਂ ਦੇ ਨਾਲ-ਨਾਲ ਵਿਰੋਧੀ ਵੀ ਦੇਖਦੇ ਰਿਹ ਗਏ ਕਿ ਕਾਂਗਰਸ ਹਾਈਕਮਾਂਡ ਨੇ ਕਿਹੜਾ ਸਿਆਸੀ ਦਾਅ ਖੇਡ ਦਿੱਤਾ। ਕਿਉਂਕਿ ਅਕਾਲੀ ਦਲ ਪਹਿਲਾਂ ਹੀ ਐਲਾਨ ਚੁੱਕਿਆ ਹੈ ਕਿ ਜੇਕਰ ਉਹਨਾਂ ਦੀ ਸੱਤਾ ਵਿੱਚ ਵਾਪਸੀ ਹੁੰਦੀ ਹੈ ਤਾਂ ਅਸੀਂ ਦਲਿਤ ਚਿਹਰਾ ਉੱਪ ਮੁੱਖ ਮੰਤਰੀ ਦਾ ਦੇਵਾਂਗੇ। ਬੀਜੇਪੀ ਤਾਂ ਦਲਿਤ ਮੁੱਖ ਮੰਤਰੀ ਬਣਾਉਨ ਦਾ ਐਲਾਨ ਕਰ ਚੁੱਕਿਆ ਹੈ। ਅਜਿਹੇ ਵਿੱਚ ਕਾਂਗਰਸ ਵਲੋਂ ਖੋਲ੍ਹੇ ਗਏ ਪੱਤਿਆਂ ਨੇ ਸਭ ਨੂੰ ਹਲਾ ਕਿ ਰੱਖ ਦਿੱਤਾ। ਇਸ ਤੋਂ ਪਹਿਲਾਂ ਹਾਈਕਮਾਨ ਨੂੰ ਸਿੱਧੂ ਧੜੇ ਨੇ ਵੀ ਹਲਾ ਕੇ ਰੱਖਿਆ ਸੀ, ਜਦੋਂ ਕੇਪਟਨ ਖਿਲਾਫ਼ ਬਗਾਵਤ ਸ਼ੁਰੂ ਕੀਤੀ। ਇਸ ਬਗਾਵਤ ‘ਚ ਸੁਖਜਿੰਦਰ ਰੰਧਾਵਾ ਨੂੰ ਤਾਂ ਵਧੀਆ ਮੌਕਾ ਮਿਲ ਗਿਆ ਪਰ ਤ੍ਰਿਪਤ ਰਜਿੰਦਰ ਬਾਜਵਾ ਦੇ ਹੱਥ ਕੁੱਝ ਨਹੀਂ ਆਇਆ। ਕੈਪਟਨ ਖਿਲਾਫ਼ ਛੇੜੀ ਜੰਗ ਵਿੱਚ ਬਾਜਵਾ ਸਭ ਤੋਂ ਮੋਹਰੀ ਸਨ। ਦੂਜੇ ਪਾਸੇ ਸੁਖਜਿੰਦਰ ਰੰਧਾਵਾ ਦਾਅਵਾ ਕਰ ਰਹੇ ਨੇ ਕਿ ਉਹ ਕੈਪਟਨ ਨੂੰ ਮਨਾਉਣ ਲਈ ਉਹਨਾਂ ਕੋਲ ਜਾਣਗੇ ਤੇ ਮੁੜ ਇੱਕ ਸਟੇਜ ‘ਤੇ ਇਕੱਠਾ ਹੋਣਗੇ। ਨਵਜੋਤ ਸਿੱਧੂ ਦੇ ਕਾਂਗਰਸ ਵਿੱਚ ਐਕਟਿਵ ਹੁੰਦਿਆਂ ਇਹ ਦਿਨ ਸ਼ਾਇਦ ਹੀ ਦੇਖਣ ਨੂੰ ਮਿਲੇ, ਕਿਉਂਕਿ ਕੈਪਟਨ ਦੀ ਕੁਰਸੀ ਨੂੰ ਹਿਲਾਉਣ ਦੀ ਜੜ੍ਹ ਤਾਂ ਸਿੱਧੂ ਨੇ ਹੀ ਬੰਨ੍ਹੀ ਸੀ। ਖ਼ੈਰ ਕਾਂਗਰਸ ਦੇ ਕਾਟੋ ਕਲੇਸ਼ ਨੇ ਪੰਜਾਬ ਨੂੰ ਪਹਿਲਾ ਦਲਿਤ ਮੁੱਖ ਮੰਤਰੀ ਅਤੇ 2 ਉੱਪ ਮੁੱਖ ਮੰਤਰੀ ਦੇ ਦਿੱਤੇ ਹਨ।

Share this Article
Leave a comment