ਚੰਡੀਗੜ੍ਹ : ਕਾਂਗਰਸ ‘ਚ ਪੈਦਾ ਹੋਈ ਧੜੇਬੰਦੀ ਨੇ ਅੱਜ ਪੰਜਾਬ ਕਾਂਗਰਸ ਨੂੰ ਅਜੀਬ ਚੌਰਾਹੇ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸ ਸਮੇਂ ਹਾਲਾਤ ਇਹ ਬਣ ਚੁੱਕੇ ਹਨ ਕਿ ਕੈਪਟਨ ਅਤੇ ਸਿੱਧੂ ਧੜਾ ਆਪੋ-ਆਪਣੀ ਤਾਕਤ ਅਤੇ ਲੋਕਾਂ ਦੀ ਹਮਾਇਤ ਹਾਸਲ ਹੋਣ ਦਾ ਦਾਅਵਾ ਕਰ ਰਿਹਾ ਹੈ। ਮੁੱਖ ਮੰਤਰੀ ਨੂੰ ਬਦਲਣ ਲਈ ਕੈਪਟਨ ਤੋਂ ਨਾਰਾਜ਼ ਮੰਤਰੀ ਅਤੇ ਵਿਧਾਇਕ ਲਗਾਤਾਰ ਹਾਈਕਮਾਨ ਤੇ ਦਬਾਅ ਬਣਾ ਰਹੇ ਸਨ, ਜਿਹੜਾ ਹੁਣ ਤੋਂ ਕੁਝ ਸਮੇਂ ਬਾਅਦ ਵੱਡਾ ਸਿਆਸੀ ਧਮਾਕਾ ਕਰਨ ਵਾਲਾ ਹੈ।
ਚਰਚਾ ਇਹ ਵੀ ਹੈ ਕਿ ਕੈਪਟਨ ਹਾਈਕਮਾਂਡ ਦੇ ਦਬਾਅ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਸਕਦੇ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਇਹ ਵੀ ਹੈ ਕਿ ਹਾਈਕਮਾਨ ਦੇ ਤਾਜਾ ਰੁਖ਼ ਤੋਂ ਕੈਪਟਨ ਖਾਸੇ ਨਾਰਾਜ਼ ਹਨ, ਉਹ ਆਪਣੀ ਨਾਰਾਜ਼ਗੀ ਸੀਨੀਅਰ ਆਗੂਆਂ ਨਾਲ ਵੀ ਸਾਂਝੀ ਕਰ ਚੁੱਕੇ ਹਨ। ਉਧਰ ਸਿੱਧੂ ਧੜਾ ਪੂਰੀ ਤਰ੍ਹਾਂ ਹਰਕਤ ਵਿਚ ਆਇਆ ਹੋਇਆ ਹੈ, ਸਿੱਧੂ ਧੜੇ ਵੱਲੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਹੁਣ ਕੈਪਟਨ ਦੀ ਅਗਵਾਈ ਦੇ ਵਿਰੁੱਧ ਹਨ। ਉਧਰ ਪੂਰੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਹਾਲ ਦੀ ਘੜੀ ਮੁੱਖ ਮੰਤਰੀ ਦੇ ਅਹੁਦੇ ਲਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਅੱਗੇ ਆਇਆ ਹੈ।
ਇਸ ਸਭ ਵਿਚਾਲੇ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੈਪਟਨ ਨੂੰ ਬਦਲਣ ਤੋਂ ਬਾਅਦ ਕੀ ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਹੋ ਜਾਵੇਗੀ ? ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਕਾਂਗਰਸ ਕਿਸ ਤਰ੍ਹਾਂ ਪੂਰੇ ਕਰੇਗੀ ? ਕੀ ਆਗੂ ਬਦਲਣ ਨਾਲ ਕਾਂਗਰਸ ਲੋਕਾਂ ਦਾ ਵਿਸ਼ਵਾਸ ਮੁੜ ਤੋਂ ਹਾਸਲ ਕਰ ਸਕੇਗੀ ?
ਫਿਲਹਾਲ ਵੱਡਾ ਸਵਾਲ ਇਹ ਵੀ ਉਭਰ ਰਿਹਾ ਹੈ ਕਿ ਕੈਪਟਨ ਦਾ ਅਗਲਾ ਕਦਮ ਕੀ ਹੋਵੇਗਾ। ਕਿਉਂਕਿ ਸੂਬੇ ਦੀ ਸਿਆਸਤ ਦਾ ਲੰਮਾ ਤਜ਼ਰਬਾ ਰੱਖਣ ਵਾਲੇ ਕੈਪਟਨ ਆਪਣੇ ਵਿਰੋਧੀਆਂ ਨੂੰ ਅਚਾਨਕ ਜ਼ੋਰ ਦਾ ਝਟਕਾ ਦੇਣ ‘ਚ ਪੂਰੀ ਤਰ੍ਹਾਂ ਮਾਹਿਰ ਹਨ।
ਹਾਲ ਦੀ ਘੜੀ ਵਿਰੋਧੀ ਧਿਰਾਂ ਨੂੰ ਕਾਂਗਰਸ ਨੂੰ ਘੇਰਨ ਦਾ ਵੱਡਾ ਮੌਕਾ ਮਿਲ ਗਿਆ ਹੈ, ਵੇਖਣਾ ਹੋਵੇਗਾ ਵਿਰੋਧੀ ਪਾਰਟੀਆਂ ਇਸ ਮੌਕੇ ਦਾ ਲਾਹਾ ਕਿਸ ਤਰੀਕੇ ਨਾਲ ਚੁੱਕਦੀਆਂ ਹਨ।