ਵੈਨਕੂਵਰ : ਕੈਨੇਡਾ ‘ਚ ਗੈਂਗਸਟਰਾਂ ਵਿਚਾਲੇ ਚੱਲ ਰਹੇ ਖੂਨੀ ਟਕਰਾਅ ਦੌਰਾਨ ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਮੈਂਬਰ ਅਮਨ ਮੰਜ ਦਾ ਲੋਅਰ ਮੇਨਲੈਂਡ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵੈਨਕੂਵਰ ਦੇ ਇੱਕ ਹੋਟਲ ਦੀ ਅੰਡਰਗਾਉਂਡ ਪਾਰਕਿੰਗ ਵਿਚ ਦਿਨ-ਦਿਹਾੜੇ ਗੋਲੀਆਂ ਚੱਲੀਆਂ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਹਾਲਾਂਕਿ ਵੈਨਕੂਵਰ ਪੁਲਿਸ ਨੇ ਫ਼ੇਅਰਮੌਂਟ ਪੈਸੀਫਿਕ ਰਿਮ ਹੋਟਲ ‘ਚ ਮਾਰੇ ਗਏ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਪਰ ਮੀਡੀਆ ਰਿਪੋਰਟਾਂ ਦੱਸਿਆ ਗਿਆ ਕਿ ਮਰਨ ਵਾਲਾ 35 ਸਾਲ ਦਾ ਅਮਨ ਮੰਜ ਸੀ।
ਵੈਨਕੂਵਰ ਪੁਲਿਸ ਦੀ ਕਾਂਸਟੇਬਲ ਤਾਨੀਆ ਵਿਸਿਨਟਿਨ ਨੇ ਕਿਹਾ ਕਿ ਫ਼ਿਲਹਾਲ ਇਸ ਮਾਮਲ ‘ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਅਤੇ ਮੌਜੂਦਾ ਸਾਲ ਦੌਰਾਨ ਸ਼ਹਿਰ ‘ਚ ਕਤਲ ਦੀ 13ਵੀਂ ਵਾਰਦਾਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਨ ਆਪਣੇ ਕਿਸੇ ਦੋਸਤ ਨਾਲ ਹੋਟਲ ‘ਚ ਆਇਆ ਸੀ ਅਤੇ ਹਮਲਾਵਰਾਂ ਨੇ ਉਸ ‘ਤੇ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ। ਉਸ ਮੌਕੇ ਪਾਰਕਿੰਗ ‘ਚੋਂ ਲੰਘ ਰਹੇ ਕਿਸੇ ਵਿਅਕਤੀ ਨੇ ਅਮਨ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਦੇਖਣ ਤੋਂ ਬਾਅਦ ਪੈਰਾਮੈਡਿਕਸ ਨੂੰ ਬੁਲਾਇਆ। ਪੈਰਾਮੈਡਿਕਸ ਨੇ ਅਮਨ ਮੰਜ ਨੂੰ ਮੌਕੇ ‘ਤੇ ਮ੍ਰਿਤਕ ਕਰਾਰ ਦਿੱਤਾ।
ਦੱਸਣਯੋਗ ਹੈ ਕਿ ਅਮਨ ਦੇ ਛੋਟੇ ਭਰਾ ਜੋਧ ਮੰਜ ਦਾ 2018 ‘ਚ ਮੈਕਸੀਕੋ ਵਿਖੇ ਕਤਲ ਕਰ ਦਿੱਤਾ ਗਿਆ ਸੀ ਤੇ ਅਮਨ ਨੇ ਦਾਅਵਾ ਕੀਤਾ ਸੀ ਕਿ ਉਸ ਭਰਾ ਉਸ ਵੇਲੇ ਕਿਸੇ ਗੈਂਗ ਦਾ ਹਿੱਸਾ ਨਹੀਂ ਰਿਹਾ। ਦੂਜੇ ਪਾਸ ਮੀਡੀਆ ਰਿਪੋਰਟ ਮੁਤਾਬਕ ਪੁਲਿਸ ਸੂਤਰਾਂ ਨੇ ਕਿਹਾ ਕਿ ਮੰਜ ਭਰਾ ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਸਰਗਰਮ ਮੈਂਬਰ ਸਨ।