ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪਰੇਸ਼ਾਨ ਕੀਤਾ ਹੈ।ਇਸ ਦੌਰਾਨ ਦਿੱਲੀ-ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇੱਥੇ ਭਾਰੀ ਮੀਂਹ ਦੇ ਵਿਚਕਾਰ ਵੀ ਕਿਸਾਨਾਂ ਦਾ ਵਿਰੋਧ ਜਾਰੀ ਹੈ। ਮੀਂਹ ਵਿੱਚ ਗੋਡੇ ਡੂੰਘੇ ਪਾਣੀ ਦੇ ਵਿਚਕਾਰ ਕਿਸਾਨ ਧਰਨੇ ‘ਤੇ ਡਟੇ ਹੋਏ ਹਨ।
ਲੋਕ ਸੋਸ਼ਲ ਮੀਡੀਆ ‘ਤੇ ਗਾਜ਼ੀਪੁਰ ਸਰਹੱਦ ਤੋਂ ਆਈਆਂ ਤਸਵੀਰਾਂ ਨੂੰ ਤੇਜ਼ੀ ਨਾਲ ਸਾਂਝਾ ਕਰ ਰਹੇ ਹਨ। ਇੰਨਾਂ ਤਸਵੀਰਾਂ ਵਿੱਚ, ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਆਪਣੇ ਸਾਥੀਆਂ ਨਾਲ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਸੜਕ ਉੱਤੇ ਬੈਠੇ ਦਿਖਾਈ ਦੇ ਰਹੇ ਹਨ।

ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਸਰਹੱਦ ‘ਤੇ ਭਾਰੀ ਬਾਰਿਸ਼ ਕਾਰਨ ਮੋਰਚੇ ਵਾਲੀ ਥਾਂ ‘ਤੇ ਪਾਣੀ ‘ਚ ਬੈਠ ਕੇ ਹੀ ਵਿਰੋਧ ਕੀਤਾ ਹੈ। ਕਿਸਾਨਾਂ ਵੱਲੋ ਮੋਰਚੇ ਦੇ ਸਾਹਮਣੇ ਤੋਂ ਦਿੱਲੀ ਵੱਲ ਜਾਣ ਵਾਲੇ ਨਾਲੇ ਦੀ ਸਫਾਈ ਦੀ ਮੰਗ ਕੀਤੀ ਜਾਂ ਰਹੀ ਹੈ, ਪਰ ਅਜੇ ਤੱਕ ਨਾਲਾ ਨਹੀਂ ਖੋਲ੍ਹਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਤਿੰਨੋਂ ਮੌਸਮ ਦੇਖ ਲਏ ਹਨ। ਹੁਣ ਕਿਸਾਨ ਮੌਸਮ ਤੋਂ ਡਰਨ ਵਾਲੇ ਨਹੀਂ ਹਨ।