ਕਰਨਾਲ : ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਕਰਨਾਲ ਅਨਾਜ ਮੰਡੀ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਜਾਰੀ ਹੈ। ਕਿਸਾਨਾਂ ਦੇ ਵਫ਼ਦ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋਈ ਹੈ ।
ਇਸ ਮਹਾਂਪੰਚਾਇਤ ਲਈ ਹਰਿਆਣਾ ਸਰਕਾਰ ਅਤੇ ਕਰਨਾਲ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਕਰਨਾਲ ਦੇ ਪੁਲਿਸ ਪ੍ਰਸ਼ਾਸਨ ਨੇ ਮਹਾਪੰਚਾਇਤ ‘ਚ ਕੁਝ ਸ਼ਰਾਰਤੀ ਅਨਸਰਾਂ ਦੇ ਦਾਖਲ ਹੋਣ ਦੀ ਗੱਲ ਆਖੀ ਗਈ ਹੈ। ਇਸ ਸਬੰਧੀ ਆਈਜੀ ਕਰਨਾਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਕਿਸਾਨ ਮਹਾਪੰਚਾਇਤ ਵਿੱਚ ਅਰਾਜਕ ਤੱਤਾਂ ਦੇ ਆਉਣ ਬਾਰੇ ਅਲਰਟ ਜਾਰੀ ਕੀਤਾ ਹੈ।
ਆਈਜੀ ਕਰਨਾਲ ਦੇ ਅਨੁਸਾਰ, ਜਿਲ੍ਹੇ ਦੇ ਰੰਭਾ, ਨਿਸਿੰਗ ਅਤੇ ਹੋਰ ਨੇੜਲੇ ਇਲਾਕਿਆਂ ਦੇ ਬਹੁਤ ਸਾਰੇ ਲੋਕ ਲਾਠੀਆਂ, ਜੈਲੀ ਅਤੇ ਲੋਹੇ ਦੀਆਂ ਰਾਡਾਂ ਆਦਿ ਨਾਲ ਲੈਸ ਅਨਾਜ ਮੰਡੀ ਵਿੱਚ ਪਹੁੰਚੇ ਹਨ। ਕਿਸਾਨ ਮਹਾਪੰਚਾਇਤ ਦੇ ਸੰਦਰਭ ਵਿੱਚ, ਲੋਕਾਂ ਦੇ ਹਿੱਸੇ ਤੇ ਅਜਿਹਾ ਕਰਨਾ ਕੋਈ ਚੰਗੀ ਪਹਿਲ ਨਹੀਂ ਦਿਖਾ ਰਿਹਾ ਹੈ ।
ਟਵੀਟ ਵਿੱਚ ਆਈਜੀ ਨੇ ਇੰਟੈਲੀਜੈਂਸ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ। ਟਵੀਟ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।
— IGP Karnal (@igkarnal) September 7, 2021
ਉੱਥੇ ਹੀ ਕਰਨਾਲ ਦੇ ਆਈ.ਜੀ.ਪੀ. ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਅਨਾਜ ਮੰਡੀ, ਕਰਨਾਲ ਪਹੁੰਚੇ ਹਨ, ਉਨ੍ਹਾਂ ਨੂੰ ਮੀਟਿੰਗ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ ਜਾਵੇ ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਸ਼ਰਾਰਤੀ ਅਨਸਰ ਕਿਸਾਨ ਆਗੂਆਂ ਦੀ ਨਹੀਂ ਸੁਣ ਰਹੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਵਲੋਂ ਅਜਿਹੇ ਲੋਕਾਂ ਨੂੰ ਕਾਨੂੰਨ ਨਾ ਤੋੜਨ ਦੀ ਚਿਤਾਵਨੀ ਦਿੱਤੀ ਗਈ ਹੈ।
ਉਧਰ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਮੁਜੱਫਰਨਗਰ ਰੈਲੀ ਵਿਚ ਇਸ ਨਾਲੋਂ ਵੀ ਵੱਧ ਕਿਸਾਨ ਸ਼ਾਮਲ ਹੋਏ ਸਨ, ਓੱਥੇ ਉਨ੍ਹਾਂ ਨੇ ਪੂਰਾ ਦਿਨ ਸ਼ਾਂਤਮਈ ਤਰੀਕੇ ਨਾਲ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਜਤਾਇਆ, ਅਜਿਹੇ ਵਿਚ ਕਿਸਾਨਾਂ ਨੂੰ ਕਰਨਾਲ ਦੀ ਮਹਾਪੰਚਾਇਤ ਸਬੰਧੀ ਵੀ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ। ਦੱਸ ਦਈਏ ਕਿ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਕਰਨਾਲ ਮਹਾਂਪੰਚਾਇਤ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ।
ਕਰਨਾਲ ਮਹਾਪੰਚਾਇਤ ‘ਚ ਕਿਸਾਨਾਂ ਦੀਆਂ ਮੁੱਖ ਮੰਗਾਂ
ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਪੁਲਿਸ ਨੇ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ‘ਤੇ ਕਿਸਾਨਾਂ’ ਤੇ ਲਾਠੀਚਾਰਜ ਕੀਤਾ ਸੀ, ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਸਨ। ਦੋਸ਼ ਹੈ ਕਿ ਪੁਲਿਸ ਲਾਠੀਚਾਰਜ ਵਿੱਚ ਜ਼ਖਮੀ ਹੋਏ ਕਰਨਾਲ ਦੇ ਰਾਏਪੁਰ ਜਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਅਗਲੇ ਦਿਨ ਮੌਤ ਹੋ ਗਈ। ਬੀਕੇਯੂ ਨੇ 30 ਅਗਸਤ ਨੂੰ ਘਰੌਂਡਾ ਅਨਾਜ ਮੰਡੀ ਵਿਖੇ ਮਹਾਪੰਚਾਇਤ ਰੱਖ ਕੇ ਹਰਿਆਣਾ ਸਰਕਾਰ ਤੋਂ ਤਿੰਨ ਮੰਗਾਂ ਕੀਤੀਆਂ ਸਨ। ਇਹਨਾਂ ‘ਚ,
1. ਸੁਸ਼ੀਲ ਕਾਜਲ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ।
2. ਜ਼ਖ਼ਮੀ ਕਿਸਾਨਾਂ ਨੂੰ 2 ਲੱਖ ਰੁਪਏ ਮੁਆਵਜ਼ਾ
3. ਲਾਠੀਚਾਰਜ ਕਰਨ ਦੇ ਹੁਕਮ ਦੇਣ ਵਾਲੇ ਐਸਡੀਐਮ, ਡੀਐਸਪੀ ਅਤੇ ਹੋਰ ਪੁਲਿਸ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਸ਼ਾਮਲ ਹੈ।
ਬੀਕੇਯੂ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ ਇਹ ਤਿੰਨ ਮੰਗਾਂ 6 ਸਤੰਬਰ ਤੱਕ ਪੂਰੀਆਂ ਨਾ ਹੋਈਆਂ ਤਾਂ 7 ਸਤੰਬਰ ਨੂੰ ਕਰਨਾਲ ਵਿੱਚ ਮੁੜ ਮਹਾਂਪੰਚਾਇਤ ਕੀਤੀ ਜਾਵੇਗੀ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।