ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਨੇ 44 ਅਧਿਆਪਕਾਂ ਨੂੰ ਦਿੱਤਾ ਰਾਸ਼ਟਰੀ ਪੁਰਸਕਾਰ

TeamGlobalPunjab
2 Min Read

ਨਵੀਂ ਦਿੱਲੀ: ਅਧਿਆਪਕ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 44 ਹੋਣਹਾਰ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ । ਰਾਸ਼ਟਰਪਤੀ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਅਧਿਆਪਕਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ।  ਕੋਵਿਡ-19 ਕਾਰਨ ਇਹ ਸਮਾਰੋਹ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਇਆ। ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਕਿਹਾ, “ਮੈਂ ਸਾਰੇ ਅਧਿਆਪਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਅਜਿਹੇ ਅਧਿਆਪਕਾਂ ਬਾਰੇ ਜਾਣ ਕੇ ਮੈਨੂੰ ਭਰੋਸਾ ਮਿਲਦਾ ਹੈ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਅਜਿਹੇ ਚੰਗੇ ਅਧਿਆਪਕਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ। “

 

ਰਾਸ਼ਟਰਪਤੀ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਅਧਿਆਪਕ ਦਿਵਸ ਡਾ: ਰਾਧਾਕ੍ਰਿਸ਼ਨਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜੋ ਵਿਸ਼ਵ ਭਰ ਵਿੱਚ ਇੱਕ ਦਾਰਸ਼ਨਿਕ ਅਤੇ ਵਿਦਵਾਨ ਵਜੋਂ ਜਾਣੇ ਜਾਂਦੇ ਸਨ …ਪਰ ਉਹ ਸਿਰਫ ਇੱਕ ਅਧਿਆਪਕ ਦੇ ਰੂਪ ਵਿੱਚ ਯਾਦ ਕੀਤੇ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਇੱਕ ਮਹਾਨ ਅਧਿਆਪਕ ਵਜੋਂ ਇੱਕ ਅਮਿੱਟ ਛਾਪ ਛੱਡੀ ਹੈ।”

 

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਕੁਝ ਦੇ ਨਾਂ ਹਨ ;

ਮਮਤਾ ਪਾਲੀਵਾਲ (ਜੀਜੀਐਸਐਸ ਭਿਵਾਨੀ, ਹਰਿਆਣਾ),

ਕਮਲ ਕਿਸ਼ੋਰ ਸ਼ਰਮਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੰਡਾਘਾਟ, ਹਿਮਾਚਲ ਪ੍ਰਦੇਸ਼),

ਜਗਤਾਰ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ, ਖਮਾਣੋ, ਫਤਿਹਗੜ੍ਹ ਸਾਹਿਬ, ਪੰਜਾਬ),

ਸੰਜੀਵ ਕੁਮਾਰ ਸ਼ਰਮਾ, (ਸਰਕਾਰੀ ਪ੍ਰਾਇਮਰੀ ਸਕੂਲ, ਰਿਆਸੀ, ਜੰਮੂ ਅਤੇ ਕਸ਼ਮੀਰ) ਅਤੇ

ਮੁਹੰਮਦ ਅਲੀ (ਸਰਕਾਰੀ ਮਿਡਲ ਸਕੂਲ, ਕਾਰਗਿਲ, ਲੱਦਾਖ) ਸ਼ਾਮਲ ਹਨ।

ਭਾਰਤ ਵਿੱਚ ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਹ ਇੱਕ ਪ੍ਰਸਿੱਧ ਵਿਦਵਾਨ, ਭਾਰਤ ਰਤਨ ਪ੍ਰਾਪਤ ਕਰਨ ਵਾਲੇ, ਪਹਿਲੇ ਉਪ-ਰਾਸ਼ਟਰਪਤੀ ਅਤੇ ਸੁਤੰਤਰ ਭਾਰਤ ਦੇ ਦੂਜੇ ਰਾਸ਼ਟਰਪਤੀ ਸਨ। ਉਨ੍ਹਾਂ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ।

Share This Article
Leave a Comment