ਗੱਲਬਾਤ ਨਾਲ ਤੁਸੀਂ ਦੁੱਧ ਧੋਤੇ ਸਾਬਤ ਨਹੀਂ ਹੋਣ ਲੱਗੇ, ਖੇਤੀ ਕਾਨੂੰਨਾਂ ਦੇ ਪੁਆੜੇ ਦੀ ਜੜ੍ਹ ਤਾਂ ਤੁਸੀਂ ਖੁਦ ਹੋ ; ਕੈਪਟਨ ਨੇ ਸੁਖਬੀਰ ਬਾਦਲ ਨੂੰ ਦਿੱਤਾ ਜਵਾਬ
ਭਾਜਪਾ ਨਾਲ ਗੰਢਤੁੱਪ ਕਰਕੇ ਕਿਸਾਨਾਂ ਉਤੇ ਖੇਤੀ ਆਰਡੀਨੈਂਸ ਥੋਪਣ ਤੋਂ ਪਹਿਲਾਂ ਤੁਸੀਂ ਕਿਸਾਨਾਂ ਨਾਲ ਗੱਲ ਕਿਉਂ ਨਾ ਕੀਤੀ : ਕੈਪਟਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਨਾਰਾਜ਼ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਏ ਗਏ ਪੈਨਲ ਦੀ ਖਿੱਲੀ ਉਡਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਈ ਵੀ ਗੱਲਬਾਤ ਬਾਦਲਾਂ ਨੂੰ ਕਿਸਾਨ ਭਾਈਚਾਰੇ ਉਤੇ ਘਿਨਾਉਣੇ ਅਤੇ ਗੈਰ-ਜਮਹੂਰੀ ਖੇਤੀ ਕਾਨੂੰਨ ਥੋਪਣ ਵਿਚ ਨਿਭਾਈ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ।
ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਜਿੱਥੇ ਇਸ ਸਾਰੀ ਸਮੱਸਿਆ ਦੀ ਜੜ੍ਹ ਹਨ, ਉਥੇ ਹੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦੀ ਸਾਜ਼ਿਸ਼ ਵਿਚ ਵੀ ਇਨ੍ਹਾਂ ਦੀ ਮਿਲੀਭੁਗਤ ਸੀ ਜਿਸ ਕਰਕੇ ਅਕਾਲੀ ਨਾ ਤਾਂ ਕਿਸਾਨਾਂ ਨਾਲ ਸਮਝ ਪੈਦਾ ਕਰਨ ਜਾਂ ਮੁਆਫੀ ਦੇ ਲਾਇਕ ਹਨ ਅਤੇ ਨਾ ਹੀ ਇਸ ਦੀ ਕੋਈ ਆਸ ਰੱਖ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਅਕਾਲੀਆਂ ਦੇ ਰਵੱਈਏ ਦੀ ਮਿਸਾਲ ਤਾਂ ਇਸ ਗੱਲ ਤੋਂ ਮਿਲ ਜਾਂਦੀ ਹੈ ਕਿ ਹੁਣ ਵੀ ਕਿਸਾਨਾਂ ਦੀ ਪੀੜਾ ਤੇ ਵੇਦਨਾ ਦਾ ਅਹਿਸਾਸ ਕਰਨ ਦੀ ਬਜਾਏ ਸੁਖਬੀਰ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਮੰਨਣ ਤੋਂ ਹੀ ਇਨਕਾਰੀ ਹੋ ਰਿਹਾ ਹੈ ਅਤੇ ਇੱਥੋਂ ਤੱਕ ਕਿ ਕਿਸਾਨਾਂ ਦੀ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਪ੍ਰਤੀ ਵਫਾਦਾਰੀ ਹੋਣ ਦੇ ਦੋਸ਼ ਲਾ ਕੇ ਸਗੋਂ ਉਨ੍ਹਾਂ ਨੂੰ ਬੇਇੱਜ਼ਤ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ, “ਜੇਕਰ ਤੁਸੀਂ (ਸੁਖਬੀਰ) ਇਕ ਕਿਸਾਨ ਨੂੰ ਪਛਾਣ ਤੱਕ ਨਹੀਂ ਸਕਦੇ ਤਾਂ ਫੇਰ ਤੁਸੀਂ ਕਿਸਾਨਾਂ ਦਾ ਭਰੋਸਾ ਅਤੇ ਵਿਸ਼ਵਾਸ ਹਾਸਲ ਕਰਨ ਦੀ ਉਮੀਦ ਕਿਵੇਂ ਰੱਖ ਸਕਦੇ ਹੋ।” ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਦੀ ਧਰਤੀ ਦਾ ਸੱਚਾ ਪੁੱਤਰ ਹੀ ਆਪਣੇ ਲੋਕਾਂ ਅਤੇ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਦਾ ਅਸਲ ਹਮਦਰਦ ਹੋ ਸਕਦਾ ਹੈ।
‘Even now, instead of understanding & relating with the pain of the farmers @officeofssbadal, you’re insulting them by alleging they owe allegiance to political parties. If you can’t recognise a farmer when you see one how can you hope to gain their trust?’: @capt_amarinder 3/3
— Raveen Thukral (@Raveen64) September 4, 2021
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਚੁਣਾਵੀ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦੇਣ ਅਤੇ ਕਿਸਾਨਾਂ ਨਾਲ ਗੱਲਬਾਤ ਚਲਾਉਣ ਲਈ ਪੈਨਲ ਦਾ ਗਠਨ ਕੀਤੇ ਜਾਣ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਰਿਝਾਉਣ ਦਾ ਬੁਖਲਾਹਟ ਭਰਿਆ ਕਦਮ ਦੱਸਿਆ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਾੜਨਾ ਕਰਦਿਆਂ ਕਿਹਾ, “ਕਿਸਾਨ ਅਤੇ ਪੰਜਾਬ ਦੇ ਲੋਕ ਮੂਰਖ ਨਹੀਂ ਹਨ ਅਤੇ ਇਨ੍ਹਾਂ ਨੂੰ ਝੂਠਾਂ ਜ਼ਰੀਏ ਮੂਰਖ ਬਣਾਉਣ ਦੀਆਂ ਤੁਹਾਡੀ ਕੋਸ਼ਿਸ਼ਾਂ ਉਲਟਾ ਤੁਹਾਡੇ ਖਿਲਾਫ਼ ਹੀ ਭੁਗਤਣਗੀਆਂ।” ਉਨ੍ਹਾਂ ਕਿਹਾ ਕਿ ਸੂਬੇ ਨੇ ਤਹਾਨੂੰ ਪੂਰੀ ਤਰ੍ਹਾਂ ਅਤੇ ਸਪੱਸ਼ਟ ਰੂਪ ਵਿਚ ਨਾਕਾਰ ਦਿੱਤਾ ਕਿਉਂ ਜੋ ਤੁਸੀਂ ਪਹਿਲਾਂ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 10 ਸਾਲ ਸੂਬੇ ਨੂੰ ਲੁੱਟਿਆ ਅਤੇ ਉਸ ਤੋਂ ਬਾਅਦ ਕਿਸਾਨਾਂ ਉਤੇ ਖੇਤੀ ਕਾਨੂੰਨੀ ਜਬਰੀ ਮੜ੍ਹਨ ਵਿਚ ਵੀ ਤੁਸੀਂ ਭਾਜਪਾ ਨਾਲ ਸਾਂਝ ਪੁਗਾਈ।
ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਸਮੁੱਚੀ ਵਿਧਾਨਕ ਪ੍ਰਕਿਰਿਆ ਮੌਕੇ ਸ਼੍ਰੋਮਣੀ ਅਕਾਲੀ ਦਲ, ਕੇਂਦਰ ਵਿਚ ਐਨ.ਡੀ.ਏ. ਸਰਕਾਰ ਦਾ ਅਨਿੱਖੜਵਾਂ ਅੰਗ ਸੀ ਅਤੇ ਹਰਸਿਮਰਤ ਬਾਦਲ, ਕੇਂਦਰੀ ਵਜ਼ਾਰਤ ਦਾ ਹਿੱਸਾ ਸੀ ਜਿਸ ਨੇ ਆਰਡੀਨੈਂਸਾਂ ਨੂੰ ਮਨਜ਼ੂਰੀ ਦਿੱਤੀ ਜੋ ਕਿਸਾਨਾਂ ਲਈ ਮੌਤ ਦੀ ਘੰਟੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਐਨ.ਡੀ.ਏ. ਨਾਲੋਂ ਅਲਹਿਦਾ ਹੋਣ ਦੀ ਨੌਟੰਕੀ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਤੋਂ ਵੱਧ ਕੁਝ ਵੀ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਬਾਦਲਾਂ ਦੀ ਦਿਲਚਸਪੀ ਇਸ ਗੱਲ ਵਿਚ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਸੱਤਾ ਵਿਚ ਵਾਪਸੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮਗਰਮੱਛ ਦੇ ਹੰਝੂ ਵਹਾ ਕੇ ਵੀ ਕਿਸਾਨਾਂ ਦਾ ਭਰੋਸਾ ਹਾਸਲ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਅਕਾਲੀ ਹੁਣ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਢਕਵੰਜ ਕਰ ਰਹੇ ਹਨ। ਉਨ੍ਹਾਂ ਕਿਹਾ, “ਤੁਸੀਂ ਐਨ.ਡੀ.ਏ. ਵਿਚ ਆਪਣੇ ਭਾਈਵਾਲਾਂ ਨੂੰ ਕਾਲੇ ਖੇਤੀ ਕਾਨੂੰਨ ਲਿਆਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਿਉਂ ਨਹੀਂ ਕੀਤੀ।” ਇੱਥੋਂ ਤੱਕ ਕਿ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਬਾਦਲਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਕੀਤੀ ਅਤੇ ਉਲਟਾ ਕਈ ਮਹੀਨੇ ਖੇਤੀ ਕਾਨੂੰਨਾਂ ਦਾ ਹੀ ਪੱਖ ਪੂਰਦੇ ਰਹੇ।
ਕਿਸਾਨ ਧਿਰਾਂ ਨਾਲ ਗੱਲਬਾਤ ਕਰਕੇ ਸਾਰੀਆਂ ਗਲਤਫਹਿਮੀਆਂ ਦੂਰ ਕਰਨ ਬਾਰੇ ਸੁਖਬੀਰ ਦੇ ਬਿਆਨ ਦਾ ਮਜ਼ਾਕ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਦੀ ਸਮੁੱਚੀ ਪ੍ਰਕਿਰਿਆ ਵਿਚ ਅਕਾਲੀ ਦਲ ਦੀ ਭੂਮਿਕਾ ਬਾਰੇ ਕਿਸਾਨਾਂ ਵਿਚ ਕਿਸੇ ਤਰ੍ਹਾਂ ਦੀ ਗਲਤਫਹਿਮੀ ਨਹੀਂ ਹੈ ਕਿਉਂ ਜੋ ਇਹ ਕਾਨੂੰਨ ਭਾਜਪਾ ਵੱਲੋਂ ਕਿਸਾਨ ਭਾਈਚਾਰੇ ਦੀ ਕੀਮਤ ਉਤੇ ਆਪਣੇ ਪੂੰਜੀਪਤੀ ਮਿੱਤਰਾਂ ਨੂੰ ਖੁਸ਼ ਕਰਨ ਲਈ ਸਪੱਸ਼ਟ ਰੂਪ ਵਿਚ ਘੜੀ ਗਈ ਸਾਜ਼ਿਸ਼ ਦਾ ਹਿੱਸਾ ਸਨ।