ਲੁਧਿਆਣਾ : ‘ਗੱਲ ਪੰਜਾਬ ਦੀ’ ਕਰਨ ਨਿੱਕਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਕ ਵਾਰ ਫਿਰ ਤਿੱਖਾ ਵਿਰੋਧ ਹੋਇਆ ਹੈ। ਸਾਹਨੇਵਾਲ ਵਿਧਾਨ ਸਭਾ ਹਲਕੇ ਦੇ ਮੱਤੇਵਾੜਾ ਪਹੁੰਚੇ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਕਿਸਾਨਾਂ ਨੂੰ ਸੁਖਬੀਰ ਬਾਦਲ ਦੀ ਰੈਲੀ ਦਾ ਪਤਾ ਸੀ ਅਤੇ ਉਹ ਮੱਤੇਵਾੜਾ ਰੈਲੀ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਵਿਰੋਧ ਕਰ ਰਹੇ ਸਨ। ਜਿਵੇਂ ਹੀ ਦੁਪਹਿਰ ਬਾਅਦ ਸੁਖਬੀਰ ਰੈਲੀ ਵਾਲੀ ਥਾਂ ਦੇ ਨੇੜੇ ਪਹੁੰਚੇ, ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਵੱਡੇ ਪੱਧਰ ‘ਤੇ ਨਾਅਰੇ ਲਗਾਏ ਗਏ। ਕਿਸਾਨਾਂ ਦੇ ਵਿਰੋਧ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਘੰਟੇ ਤੱਕ ਕਾਰ ਵਿੱਚ ਬੈਠਣਾ ਪਿਆ।
ਸੂਚਨਾ ਮਿਲਦੇ ਹੀ ਵਾਧੂ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਹਲਕੇ ਲਾਠੀਚਾਰਜ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਉਥੋਂ ਹਟਾ ਦਿੱਤਾ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪੈਦਲ ਹੀ ਰੈਲੀ ਵਾਲੀ ਥਾਂ ‘ਤੇ ਪਹੁੰਚਣਾ ਪਿਆ। ਇਸ ਕਾਰਨ ਉਸ ਦਾ ਪ੍ਰੋਗਰਾਮ ਲਗਭਗ 3 ਘੰਟੇ ਲੇਟ ਹੋ ਗਿਆ।
ਉਧਰ ਰੈਲੀ ‘ਚ ਪੁੱਜਣ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ ਲੰਮੇ ਸਮੇਂ ਤੱਕ ਉਡੀਕ ਕਰਨੀ ਪਈ। ਰੈਲੀ ਸ਼ੁਰੂ ਹੁੰਦੇ ਹੀ ਕਿਸਾਨ ਵੀ ਉਥੇ ਪਹੁੰਚ ਗਏ । ਕਿਸਾਨਾਂ ਨੇ ਸੁਖਬੀਰ ਬਾਦਲ ਅਤੇ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਉਥੋਂ ਹਟਾ ਦਿੱਤਾ।