ਚੰਡੀਗੜ੍ਹ, (ਅਵਤਾਰ ਸਿੰਘ): ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਇਛੂਪਾਲ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ 15.01.1951 ਨੂੰ ਸ਼੍ਰੀਨਗਰ ਵਿਖੇ ਮਾਤਾ ਕੁਸ਼ੱਲਿਆ ਕੌਰ ਅਤੇ ਪਿਤਾ ਹਰਬੰਸ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਨੇ 10 ਕਹਾਣੀ ਸੰਗ੍ਰਹਿ – ‘ਤਣਾਵਾਂ’, ‘ਪੰਜ ਮਰਲੇ ਜ਼ਮੀਨ’, ‘ਦਾਇਰੇ ਵਿਚਲਾ ਦਾਇਰਾ’, ‘ਸੱਚ ਕਿੱਥੇ ਸੀ’, ‘ਪਰ ਫੇਰ ਵੀ’, ‘ਆਪਣੇ ਆਪਣੇ ਹਿੱਸੇ ਦਾ ਸੱਚ’, ‘ਇਕ ਨਸ਼ਤਰ ਹੋਰ’, ‘ਸੂਰਜ ਦੀ ਪਹਿਲੀ ਕਿਰਨ’, ‘ਗੁਮਰਾਹ ਪਾਂਧੀ’ ਅਤੇ ‘ਭਲੇ ਕਪਟ ਨਾ ਕੀਜੇ’ ਦੀ ਰਚਨਾ ਕੀਤੀ। ਉਨ੍ਹਾਂ ਨੇ 6 ਕਾਵਿ ਸੰਗ੍ਰਹਿ- ‘ਆਪਣੀ ਆਪਣੀ ਜੂਨ’, ‘ਅੱਥਰੇ ਘੋੜੇ ਵਾਂਗ’, ‘ਘਰ ਪਰਤਣ ’ਤੇ’, ‘ਜਦੋਂ ਪਰਿੰਦੇ ਪਰਤਣਗੇ’, ‘ਓਹਲਾ’ ਅਤੇ ‘ਤਰਕਾਲਾਂ ਦੀਆਂ ਆਵਾਜ਼ਾਂ’, ਅਲੋਚਨਾ ਅਤੇ ਖੋਜ ਕਾਰਜ ਦੀਆਂ ਦੋ ਪੁਸਤਕਾਂ, ਅਨੁਵਾਦ ਦੀਆਂ ਪੰਜ ਪੁਸਤਕਾਂ ਅਤੇ ਚਾਰ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ। ਜੰਮੂ-ਕਸ਼ਮੀਰ ਅਕੈਡਮੀ ਆਫ ਆਰਟ, ਕਲਚਰ ਐਂਡ ਲੈਗੁਏਜੀਜ਼ ਨੇ ਸ਼੍ਰੀ ਇਛੂਪਾਲ ਸਿੰਘ ਵੱਲੋਂ ਜੰਮੂ-ਕਸ਼ਮੀਰ ਵਿਚ ਪੰਜਾਬੀ ਸਾਹਿਤ ਲਈ ਪਾਏ ਵਡਮੁਲੇ ਯੋਗਦਾਨ ਲਈ ਉਨ੍ਹਾਂ ਦਾ ਸਨਮਾਨ ਵੀ ਕੀਤਾ ਸੀ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਵਿਸ਼ੇਸ਼ ਤੌਰ ਉਤੇ ਜੰਮੂ ਕਸ਼ਮੀਰ ਦੇ ਪੰਜਾਬੀ ਸਾਹਿਤ ਅਤੇ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਆਸਟਰੇਲੀਆ ਵਸਦੇ ਮਸ਼ਹੂਰ ਕਹਾਣੀਕਾਰ ਅਤੇ ਨਾਵਲ ਲੇਖਕ ਐੱਸ ਸਾਕੀ (76 ਸਾਲ) ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਟਿਆਲੇ ਵਿਖੇ ਜਨਮੇ ਅਤੇ ਲੰਮਾ ਸਮਾਂ ਬਿਹਾਰ ਵਿਚ ਰਹੇ। ਉਨ੍ਹਾਂ ਦੀ ਪਤਨੀ ਆਸ਼ਾ ਸਾਕੀ ਵੀ ਹਿੰਦੀ ਸਾਹਿਤ ਜਗਤ ਦੀ ਮਸ਼ਹੂਰ ਸਾਹਿਤਕਾਰ ਸੀ। ਇਕ ਦਹਾਕਾ ਪਹਿਲਾਂ ਉਹ ਅਪਣੇ ਬੇਟੇ ਸੰਜੇ ਸਾਕੀ ਕੋਲ ਆਸਟਰੇਲੀਆ ਚਲੇ ਗਏ ਸਨ। ਉਨ੍ਹਾਂ ਨੇ 16 ਕਹਾਣੀ ਸੰਗ੍ਰਹਿ ‘ਬਹੁਰੂਪੀਆ’, ‘ਪਹਿਲਾ ਦਿਨ’, ‘ਨਾਨਕ ਦੁਖੀਆ ਸਭ ਸੰਸਾਰ’, ‘ਮੋਹਨ ਲਾਲ ਸੋ ਗਿਆ’, ‘ਦੁਰਗਤੀ’, ‘ਨੰਗੀਆਂ ਲੱਤਾਂ ਵਾਲਾ ਮੁੰਡਾ’, ‘ਦੇਵੀ ਦੇਖਦੀ ਸੀ’, ‘ਕਰਮਾਂ ਵਾਲੀ’, ‘ਬਾਪੂ ਦਾ ਚਰਖਾ’, ‘ਮੁੜ ਨਰਕ’, ‘ਇਕੱਤੀ ਕਹਾਣੀਆਂ’, ‘ਦੋ ਬਲਦੇ ਸਿਵੇ’, ‘ਮੰਗਤੇ’, ‘ਖਾਲੀ ਕਮਰਾ ਨੰਬਰ ਬਿਆਸੀ’, ‘ਇਕ ਤਾਰਾ ਚਮਕਿਆ’ ਅਤੇ ‘ਇੱਕ ਬੂਟਾ ਦੋ ਆਦਮੀ’ ਦੀ ਰਚਨਾ ਕੀਤੀ। ਉਨ੍ਹਾਂ ਨੇ ‘ਵੱਡਾ ਆਦਮੀ’, ‘ਛੋਟਾ ਸਿੰਘ’, ‘ਨਿਕਰਮੀ’, ‘ਮੇਲੋ’, ‘ਭੱਖੜੇ’, ‘ਰੰਡੀ ਦੀ ਧੀ’, ‘ਇਹ ਇਕ ਕੜੀ’, ‘ਅੱਜ ਦਾ ਅਰਜਨ’, ‘ਰਖੇਲ’, ‘ਹਮ ਚਾਕਰ ਗੋਬਿੰਦ ਕੇ’, ‘ਸ਼ੇਰਨੀ’, ‘ਬੇਗਮ’ ਅਤੇ ‘ਬੇਦਖ਼ਲ’ 13 ਨਾਵਲਾਂ ਦੀ ਰਚਨਾ ਵੀ ਕੀਤੀ। ਪੰਜਾਬੀ ਵਾਰਤਕ ਵਿਚ ਵਡਮੁੱਲਾ ਕਲਮੀ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਸੀ। ਉਹ ਬਹੁਤ ਸਹਿਜ ਅਤੇ ਨਿਰਲੇਪ ਰਹਿਣ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸ਼੍ਰੀ ਇਛੂਪਾਲ ਸਿੰਘ ਅਤੇ ਸ਼੍ਰੀ ਐੱਸ ਸਾਕੀ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।