ਮੈਲਬੌਰਨ (ਖੁਸ਼ਪ੍ਰੀਤ ਸਿੰਘ ਸੁਨਾਮ) : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਬਹਾਦਰ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਇੱਕ ਯਾਦਗਾਰ ਬਨਾਉਣ ਨੂੰ ਪ੍ਰਵਾਨਗੀ ਮਿਲ ਗਈ ਹੈ ਜਿਸ ਦੇ ਚਲਦਿਆਂ ਆਉੁਂਦੇ ਦਿਨਾਂ ਵਿੱਚ ਯਾਦਗਾਰ ਦੇ ਵਿੱਚ ਸਿੱਖ ਫੌਜੀ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਇਹ ਯਾਦਗਾਰ ਸਿਡਨੀ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਬਲੈਕਟਾਊਨ ਕੌਂਸਲ ਦੇ ਇਲਾਕੇ ਗਲੈਨਵੁੱਡ ਵਿਖੇ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਭਰ ਵਿੱਚ ਸਿੱਖ ਫ਼ੌਜ ਦੀ ਬਹਾਦਰੀ ਨੂੰ ਦਰਸਾਉਂਦਾ ਇਹ ਪਹਿਲਾ ਬੁੱਤ ਹੋਵੇਗਾ।
ਇਸ ਯਾਦਗਾਰ ਨੂੰ ਬਣਵਾਉਣ ਲਈ ਫਤਿਹ ਫਾਊਂਡੇਸ਼ਨ ਨੂੰ ਕਾਫੀ ਲੰਮਾ ਸੰਘਰਸ਼ ਵੀ ਕਰਨਾ ਪਿਆ ਫਤਿਹ ਫਾਊਂਡੇਸ਼ਨ ਦੇ ਅਮਰਿੰਦਰ ਸਿੰਘ ਬਾਜਵਾ, ਹਰਕੀਰਤ ਸਿੰਘ ਸੰਧਰ, ਦਵਿੰਦਰ ਸਿੰਘ ਧਾਰੀਆ, ਗੈਰੀ ਸਿੰਘ ਸਾਹਣੀ ਤੇ ਨਵਤੇਜ ਸਿੰਘ ਬਸਰਾ ਦੇ ਯਤਨਾਂ ਤੇ ਬਲੈਕਟਾਊਨ ਕੋਂਸਲ ਦੇ ਸਹਿਯੋਗ ਦੇ ਸਦਕਾ ਇਹ ਯਾਦਗਾਰ ਬਣਨੀ ਸੰਭਵ ਹੋ ਸਕੀ ਹੈ ਜਿਸ ਦੇ ਲਈ ਫਤਿਹ ਫਾਉਂਡੇਸ਼ਨ ਨੂੰ ਕਰੀਬ ਚਾਰ ਸਾਲ ਦੇ ਕਰੀਬ ਚਾਰਾਜੋਈ ਕਰਨੀ ਪਈ ਤੇ ਵੱਖ-ਵੱਖ ਪੱਖ ਤੇ ਇਤਿਹਾਸਿਕ ਤੱਥ ਪੇਸ਼ ਕਰਨੇ ਪਏ ਤਾਂ ਕਿਤੇ ਜਾ ਕੇ ਇਹ ਯਾਦਗਾਰ ਬਨਣੀ ਸੰਭਵ ਹੋ ਪਾਈ।
ਫਤਿਹ ਫਾਊਂਡੇਸ਼ਨ ਨੇ ਕਿਹਾ ਕਿ ਇਹ ਯਾਦਗਾਰੀ ਬੁੱਤ ਜਿੱਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਕ ਕਰੇਗਾ ਉਥੇ ਸਿੱਖਾਂ ਦੇ ਆਸਟ੍ਰੇਲੀਆ ਦੇ ਵਿੱਚ ਇਤਿਹਾਸ ਦੀ ਤਸਵੀਰ ਨੂੰ ਵੀ ਪੇਸ਼ ਕਰੇਗਾ। ਦੱਸਣਯੋਗ ਹੈ ਕਿ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਹਜ਼ਾਰਾਂ ਭਾਰਤੀ ਸਿੱਖ ਫੌਜੀ ਸ਼ਹੀਦ ਹੋਏ ਸਨ ਪਰ ਉਹ ਇਤਹਾਸ ਦੇ ਪੰਨਿਆਂ ‘ਚ ਗੁਆਚ ਗਏ ਸਨ ਤੇ ਉਨਾਂ ਦੀ ਬਹਾਦਰੀ ਨੂੰ ਕਦੀ ਵੀ ਬਣਦਾ ਸਨਮਾਨ ਹਾਸਲ ਨਾ ਹੋਇਆ। ਫਤਿਹ ਫਾਊਂਡੇਸ਼ਨ ਨੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਿੱਖ ਫ਼ੌਜੀਆਂ ਦੀ ਬਨਣ ਵਾਲੀ ਇਹ ਯਾਦਗਾਰ ਹਮੇਸ਼ਾਂ ਸਾਡੇ ਭਾਈਚਾਰੇ ਨੂੰ ਮਾਣ ਦਿਵਾਉਂਦੀ ਰਹੇਗੀ।