ਕਰਨਾਲ : ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਐਤਵਾਰ ਨੂੰ ਹਰਿਆਣਾ ਦੇ ਕਰਨਾਲ ਪਹੁੰਚੇ। ਉਹ ਪਹਿਲਾਂ ਸਿਵਲ ਹਸਪਤਾਲ ਗਏ ਅਤੇ ਪੁਲਿਸ ਲਾਠੀਚਾਰਜ ਵਿੱਚ ਜ਼ਖਮੀ ਹੋਏ ਕਿਸਾਨਾਂ ਦੀ ਹਾਲਤ ਬਾਰੇ ਪੁੱਛਿਆ।
ਟਿਕੈਤ ਨੇ ਬਸਤਰ ਟੋਲ ‘ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਅਹੁਦੇਦਾਰ ਕਰਨਾਲ ਆਉਣਗੇ ਅਤੇ ਇੱਥੋਂ ਹੀ ਭਵਿੱਖ ਦੀ ਰਣਨੀਤੀ ਤੈਅ ਕਰਨਗੇ।
ਉਹਨਾਂ ਦੇ ਵਕੀਲ ਅਤੇ ਹੋਰ ਅਹੁਦੇਦਾਰ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਉਣਗੇ । ਟਿਕੈਤ ਨੇ ਕਿਹਾ ਕਿ ਸਰਕਾਰ ਨੇ ਸ਼ਹਿਰ ਵਿੱਚ ਕਰਫਿਊ-ਵਰਗੀ ਸਥਿਤੀ ਪੈਦਾ ਕਰਕੇ ਲੋਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਹੈ। ਕਿਸਾਨਾਂ ਨੂੰ ਸ਼ਹਿਰ ਵਿੱਚ ਆਉਣ ਤੋਂ ਰੋਕਣ ਲਈ ਲਾਠੀਚਾਰਜ ਕਰਨ ਦੀ ਪੂਰੀ ਯੋਜਨਾ ਬਣਾਈ ਗਈ। ਜਾਣਕਾਰੀ ਇਹ ਵੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸੋਮਵਾਰ ਨੂੰ ਸਵੇਰੇ 11 ਵਜੇ ਘਰੌਂਡਾ ਅਨਾਜ ਮੰਡੀ ਵਿਖੇ ਹੋਵੇਗੀ। ਭਵਿੱਖ ਦੀ ਕਾਰਵਾਈ ਦਾ ਫੈਸਲਾ ਇਸ ਮੀਟਿੰਗ ਵਿੱਚ ਹੀ ਕੀਤਾ ਜਾਵੇਗਾ।
https://www.facebook.com/ChaudharyRakeshTikait/videos/1132024207288522/?app=fbl
ਟਿਕੈਤ ਨੇ ਕਿਹਾ ਕਿ ਅਧਿਕਾਰੀ ਸਰਕਾਰ ਦੇ ਆਦੇਸ਼ਾਂ ਤੋਂ ਬਿਨਾਂ ਨਹੀਂ ਚੱਲ ਸਕਦਾ। ਲਾਠੀਚਾਰਜ ਤਾਂ ਹਲਕੀ ਤਾਕਤ ਦੀ ਵਰਤੋਂ ਨਾਲ ਰੋਕਣਾ ਹੁੰਦਾ ਹੈ ਪਰ ਇੱਥੇ ਤਾਂ ਕਿਸਾਨਾਂ ਦੇ ਸਿਰ ਫੋੜੇ ਗਏ ਅਤੇ ਕਈਆਂ ਦੀਆਂ ਹੱਡੀਆਂ ਵੀ ਟੁੱਟ ਗਈਆਂ। ਸਾਰਾ ਮਾਹੌਲ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਕਿਸਾਨਾਂ ਨੂੰ ਦਬਾਇਆ ਜਾਵੇ। ਇਸ ਸਰਕਾਰ ਉੱਤੇ ਸਰਮਾਏਦਾਰੀ ਦਾ ਦਬਦਬਾ ਹੈ। ਸਰਕਾਰ ਉਨ੍ਹਾਂ ਦੇ ਕੰਟਰੋਲ ਵਿੱਚ ਹੈ। ਸਰਕਾਰ ਹੁਣ ਗੁੰਡਾਗਰਦੀ ਵੱਲ ਮੁੜ ਗਈ ਹੈ।