-ਅਵਤਾਰ ਸਿੰਘ;
ਮੇਜਰ ਧਿਆਨ ਚੰਦ ਸਿੰਘ ਹਾਕੀ ਦੇ ਮਹਾਨ ਖਿਡਾਰੀਆਂ ਵਿੱਚੋਂ ਇਕ ਸਨ ਜਿਨ੍ਹਾਂ ਨੂੰ ਹਾਕੀ ਦੇ ਜਾਦੂਗਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਤਿੰਨ ਉਲਪਿੰਕ ਗੇਮਾਂ 1928,1932 ਤੇ 1936 ਵਿੱਚ ਆਪਣੀ ਕਲਾ ਦੇ ਜੌਹਰ ਵਿਖਾਏ।
ਉਨ੍ਹਾਂ ਆਪਣੇ ਕੌਮਾਂਤਰੀ ਕਰੀਅਰ ਵਿੱਚ ਚਾਰ ਸੌ ਤੋਂ ਵੱਧ ਗੋਲ ਕੀਤੇ। ਉਨ੍ਹਾਂ ਦੇ ਜਨਮ ਦਿਨ ਨੂੰ ‘ਕੌਮੀ ਖੇਡ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ, ਇਸ ਦਿਨ ਖੇਡ ਖੇਤਰ ਵਿੱਚ ਮਲਾਂ ਮਾਰਨ ਵਾਲੇ ਖਿਡਾਰੀਆਂ ਤੇ ਉਨ੍ਹਾਂ ਦੇ ਕੋਚਾਂ ਨੂੰ ਕੌਮੀ ਰਾਜੀਵ ਖੇਡ ਰਤਨ, ਅਰਜਨ ਐਵਾਰਡ ਤੇ ਦਰੋਣਾਚਾਰੀਆ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਦਿਨ ਰਾਸ਼ਟਰਪਤੀ ਭਵਨ ਵਿੱਚ ਖੇਡ ਰਤਨ ਤੇ ਅਰਜਨ ਪੁਰਸਕਾਰ (ਬੇਹਤਰੀਨ ਖੇਡ ਪ੍ਰਦਰਸ਼ਨ ਲਈ), ਦਰੋਣਾਚਾਰੀਆ ਪੁਰਸਕਾਰ (ਖੇਡਾਂ ਦੀ ਟਰੇਨਿੰਗ ‘ਚ ਜਿਕਰਯੋਗ ਕੰਮ ਲਈ) ਅਤੇ ਧਿਆਨ ਚੰਦ ਪੁਰਸਕਾਰ (ਜੀਵਨ ਭਰ ਦੀਆਂ ਉਪਲੱਬਧੀਆਂ ਲਈ) ਨਾਲ ਖੇਡ ਖੇਤਰ ਵਿੱਚ ਮਾਣਮਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਹਾਕੀ ਦੇ ਜਾਦੂਗਰ ਧਿਆਨ ਸਿੰਘ ਦਾ ਜਨਮ 29-8-1905 ਨੂੰ ਇਲਾਹਾਬਾਦ ਵਿਖੇ ਰਾਜਪੂਤ ਪਰਿਵਾਰ ਵਿੱਚ ਸਮੇਸ਼ਵਰ ਸਿੰਘ ਦੇ ਘਰ ਮਾਤਾ ਸ਼ਾਰਦਾ ਸਿੰਘ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਦੋ ਭਰਾ ਰੂਪ ਸਿੰਘ ਤੇ ਮੂਲ ਸਿੰਘ ਸਨ।
ਪੜਾਈ ਤੋਂ ਬਾਅਦ ਦਿੱਲੀ ਵਿਖੇ ਬ੍ਰਾਹਮਣ ਰੈਜਮੈਂਟ ਵਿੱਚ ਭਰਤੀ ਹੋ ਗਏ। ਰੈਜਮੈਂਟ ਦਾ ਮੇਜਰ ਸੂਬੇਦਾਰ ਮੇਜਰ ਤਿਵਾੜੀ ਨੇ ਉਸਦੇ ਅੰਦਰ ਖਿਡਾਰੀ ਵਾਲੀ ਚਿਣਗ ਵੇਖੀ ਤੇ ਖੇਡਣ ਲਈ ਪ੍ਰੇਰਿਆ।
1926 ਵਿੱਚ ਭਾਰਤੀ ਫੌਜ ਦੀ ਹਾਕੀ ਟੀਮ ਦਾ ਮੈਂਬਰ ਬਣੇ।ਪਹਿਲੀਵਾਰ ਨਿਊਜੀਲੈਂਡ ਦੌਰੇ ਤੇ ਗਈ ਟੀਮ ਨੇ ਸਾਰੇ ਮੈਚ ਜਿੱਤੇ।1928 ਦੀਆਂ ਹਾਲੈਂਡ ਵਿਖੇ ਉਲਪਿੰਕ ਗੇਮਾਂ ਵਿੱਚ ਆਸਟਰੀਆ ਨੂੰ 6-0, ਬੈਲਜੀਅਮ 9-0,ਡੈਨਾਮਾਰਕ 5-0,ਸਵਿਜਟਰਲੈਂਡ 6-0 ਨਾਲ ਹਰਾਕੇ ਫਾਈਨਲ ਵਿੱਚ ਹਾਲੈਂਡ ਨੂੰ 3-0 ਨਾਲ ਹਰਾ ਕੇ ਪਹਿਲਾ ਸੋਨੇ ਦਾ ਤਗਮਾ ਜਿੱਤਿਆ।
1932 ਵਿੱਚ ਜਾਪਾਨ ਨੂੰ 11-1 ਤੇ ਫਾਈਨਲ ਵਿੱਚ ਅਮਰੀਕਾ 24-1(ਇਸ ਮੈਚ ਵਿੱਚ ਦੋਵਾਂ ਭਰਾਵਾਂ ਧਿਆਨ ਚੰਦ ਸਿੰਘ ਤੇ ਰੂਪ ਸਿੰਘ ਨੇ 8-8 ਗੋਲ ਕੀਤੇ) ਨੂੰ ਹਰਾ ਕੇ ਸੋਨੇ ਦਾ ਤਗਮਾ ਜਿਤਿਆ।1936 ਵਿੱਚ ਜਰਮਨੀ ਨੇ ਫਾਈਨਲ ਵਿੱਚ ਹੁੰਦੀ ਹਾਰ ਵੇਖ ਕੇ ਧਿਆਨ ਚੰਦ ਉਤੇ ਹਮਲਾ ਕਰ ਦਿਤਾ ਤੇ ਉਸ ਦਾ ਦੰਦ ਟੁੱਟ ਗਿਆ ਫਿਰ ਵੀ ਭਾਰਤ ਨੇ 8-1 (ਜਿੰਨਾ ‘ਚੋਂ 6 ਗੋਲ ਇਕਲੇ ਧਿਆਨ ਚੰਦ ਨੇ ਕੀਤੇ) ਨਾਲ ਤੀਜਾ ਤਗਮਾ ਜਿੱਤਿਆ। ਮੈਚ ਵੇਖਣ ਤੋਂ ਬਾਅਦ ਜਰਮਨੀ ਦੇ ਸ਼ਾਸਕ ਹਿਟਲਰ ਨੇ ਧਿਆਨ ਚੰਦ ਨੂੰ ਮੈਦਾਨ ਵਿੱਚ ਆ ਕੇ ਜਫੀ ਪਾਈ ਤੇ ਕਿਹਾ ਕਿ ਤੂੰ ਭਾਰਤ ਛੱਡ ਕੇ ਆ,ਤੈਨੂੰ ਫੀਲਡ ਮਾਰਸ਼ਲ ਦਾ ਆਹੁਦਾ ਦੇਵਾਂਗਾ ਪਰ ਉਨਾਂ ਨੇ ਮੰਗ ਠੁਕਰਾ ਦਿੱਤੀ। 1949 ਵਿੱਚ ਹਾਕੀ ਤੋਂ ਸੰਨਿਆਸ ਲੈ ਲਿਆ। 1956 ਵਿੱਚ ਉਸ ਨੂੰ ਪਦਮ ਭੂਸ਼ਨ ਦੀ ਉਪਾਧੀ ਦਿੱਤੀ ਗਈ। 4-12-1979 ਨੂੰ ਦਿੱਲੀ ਵਿਖੇ ਦੇਹਾਂਤ ਹੋ ਗਿਆ।