-ਅਵਤਾਰ ਸਿੰਘ;
ਉਘੇ ਸਮਾਜ ਸੇਵੀ ਅਤੇ ਲੋਕਾਂ ਦਾ ਦਰਦ ਪਛਾਨਣ ਵਾਲੇ ਡਾ. ਐਸ.ਪੀ.ਸਿੰਘ ਓਬਰਾਏ ਅੱਜ ਕੱਲ੍ਹ ਮੀਡੀਆ ਦੀਆਂ ਸੁਰਖੀਆਂ ਵਿੱਚ ਹਨ। ਵੈਸੇ ਤਾਂ ਆਪਣੇ ਲੋਕ ਭਲਾਈ ਕੰਮਾਂ ਕਾਰਨ ਉਹ ਮੀਡੀਆ ਵਿੱਚ ਛਾਏ ਰਹਿੰਦੇ ਹਨ। ਪਰ ਹੁਣ ਸਿਆਸਤਦਾਨ ਉਨ੍ਹਾਂ ਦੇ ਪਿੱਛੇ ਲੱਗੇ ਹੋਏ ਹਨ ਕਿ ਉਹ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਿਲ ਹੋ ਜਾਣ। ਲੋਕਾਂ ਦਾ ਦਰਦ ਮਹਿਸੂਸ ਕਰਨ ਵਾਲੀ ਇਸ ਸਖਸ਼ੀਅਤ ਨੇ ਸਾਫ ਨਾਂਹ ਕਰ ਦਿੱਤੀ ਹੈ। ਇਥੇ ਚੇਤੇ ਕਰਵਾਇਆ ਜਾਂਦਾ ਹੈ ਕਿ ਓਬਰਾਏ ਦੀ ਅਗਵਾਈ ਵਿੱਚ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੰਗਰ ਲਈ ਸੁੱਕੀ ਰਸਦ ਭੇਜਣ ਤੋਂ ਬਾਅਦ ਕੰਬਲ, ਜੈਕਟਾਂ, ਦਵਾਈਆਂ, ਐਂਬੂਲੈਂਸਾਂ ਤੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਟਰੈਕਟਰ-ਟਰਾਲੀਆਂ ‘ਤੇ ਰਿਫਲੈਕਟਰ ਲਾਉਣ ਦੀ ਸੇਵਾ ਕੀਤੀ ਗਈ।
ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਦੇ ਸਮਾਜ ਸੇਵੀ ਕੰਮਾਂ ਦਾ ਲਾਹਾ ਲੈਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਡਰ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਆਪ ਦੇ ਆਗੂ ਰਾਘਵ ਚੱਢਾ ਦੇ ਟਵੀਟ ਉਪਰ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਆਪ ਦੇ ਬਹੁਤ ਸਾਰੇ ਲੀਡਰ ਉਨ੍ਹਾਂ ਨੂੰ ਕਹਿ ਰਹੇ ਕਿ ਜੇ ਉਹ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਿਲ ਹੋ ਜਾਣ ਤਾਂ ਪਾਰਟੀ ਉਨ੍ਹਾਂ (ਐਸ ਪੀ ਐਸ ਓਬਰਾਏ) ਨੂੰ ਮੁੱਖ ਮੰਤਰੀ ਐਲਾਨ ਦੇਣਗੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਚੱਢਾ ਇਕ ਮਹੀਨਾ ਪਹਿਲਾਂ ਮੁਲਾਕਾਤ ਕਰਨ ਲਈ ਆਉਣਾ ਚਾਹੁੰਦਾ ਪਰ ਓਬਰਾਏ ਦੀ ਸਮਾਜ ਸੇਵਾ ਵਿੱਚ ਮਸ਼ਰੂਫੀਅਤ ਕਾਰਨ ਮਿਲਣ ਤੋਂ ਨਾਂਹ ਕਰ ਦਿੱਤੀ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਬਹੁਤ ਵਾਰ ਚਾਰਾਜੋਈ ਕੀਤੀ। ਓਬਰਾਏ ਨੇ ਇਥੋਂ ਤਕ ਕਿਹਾ ਕਿ ਭਾਵੇਂ ਚੱਢਾ ਨੇ ਉਨ੍ਹਾਂ ਨਾਲ ਕਦੇ ਮੁਲਾਕਾਤ ਨਹੀਂ ਕੀਤੀ ਪਰ ਉਨ੍ਹਾਂ ਦੇ ਲੀਡਰਾਂ ਨੂੰ ਦੀ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਉਨ੍ਹਾਂ ਨਾਲ ਲਗਾਤਾਰ ਸੰਪਰਕ ਸਾਧਿਆ ਹੋਇਆ ਹੈ।
ਦੁਬਈ ਦੇ ਉਘੇ ਕਾਰੋਬਾਰੀ ਸੁਰਿੰਦਰ ਸਿੰਘ ਓਬਰਾਏ ਨੇ ਮੀਡੀਆ ਵਿੱਚ ਸਾਫ ਕਹਿ ਦਿੱਤਾ ਕਿ ਉਹ ਰਾਜਨੀਤੀ ਤੋਂ ਤੌਬਾ ਕਰਦੇ ਹੋਏ ਪਾਰਟੀ ਵਿੱਚ ਬਿਲਕੁਲ ਸ਼ਾਮਿਲ ਹੋਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਆਸਤ ਨਾਲੋਂ ਸਮਾਜ ਸੇਵਾ ਨੂੰ ਪਹਿਲ ਦੇਣਾ ਚਾਹੁੰਦੇ ਹਨ। ਉਹ ਆਪਣੀ ਚੈਰੀਟੇਬਲ ਸੰਸਥਾ ਰਾਹੀਂ ਲੋਕਾਂ ਦੀ ਸੇਵਾ ਕਰਨਾ ਬੇਹਤਰ ਸਮਝ ਰਹੇ ਹਨ। ਕੋਵਿਡ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਓਬਰਾਏ ਨੇ ਪੰਜਾਬ ਵਿੱਚ ਪੰਜ ਆਕਸੀਜ਼ਨ ਪਲਾਂਟ ਲਗਾਉਣ ਦਾ ਐਲਾਨ ਕੀਤਾ ਹੈ। ਓਬਰਾਏ ਵਲੋਂ ਕੋਵਿਡ ਦੌਰਾਨ ਪੂਰੇ ਸੂਬੇ ਵਿੱਚ ਪੁਲਿਸ ਸਮੇਤ ਲੋਕਾਂ ਮਾਸਕ, ਪੀਪੀ ਈ ਕਿਟਾਂ ਅਤੇ ਹੋਰ ਲੋੜੀਂਦਾ ਸਾਮਾਨ ਮੁਹਈਆ ਕਰਵਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸਤ ਨਾਲੋਂ ਸਮਾਜ ਸੇਵਾ ਚੰਗੀ ਲਗਦੀ ਹੈ।