ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਹਾਮਿਦ ਕਰਜਈ ਇੰਟਰਨੈਸ਼ਲ ਏਅਰਪੋਰਟ ‘ਤੇ ਅੱਤਵਾਦੀ ਹਮਲੇ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਮੱਦੇਨਜਰ ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੁਰੱਖਿਅਤ ਜਗ੍ਹਾ ‘ਤੇ ਰਹਿਣ ਕਿਉਂਕਿ ਕਾਬੁਲ ਹਵਾਈ ਅੱਡੇ ‘ਤੇ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ ਵੱਧ ਗਿਆ ਹੈ। ਇਸ ਲਈ ਏਅਰਪੋਰਟ ਦੇ ਆਸ ਪਾਸ ਇਕੱਠੇ ਹੋਏ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਤੁਰੰਤ ਕਿਸੇ ਸੁਰੱਖਿਅਤ ਥਾਂ ‘ਤੇ ਚਲੇ ਜਾਣ।
ਕਾਬੁਲ ਏਅਰਪੋਰਟ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਅਜਿਹੇ ਸਮੇਂ ਜਾਰੀ ਕੀਤੀਆਂ ਗਈਆਂ ਹਨ, ਜਦੋਂ ਤਾਲਿਬਾਨ ਵੱਲੋਂ ਅਮਰੀਕਾ ਅਤੇ ਨਾਟੋ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਆਪਣੀ ਬਚਾਅ ਮੁਹਿੰਮ ਨੂੰ 31 ਅਗਸਤ ਤੱਕ ਪੂਰਾ ਕਰ ਲੈਣ, ਇਸ ਮਗਰੋਂ ਕਿਸੇ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਵੱਲੋਂ ਅਫਗਾਨਿਸਤਾਨ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਕਾਬੁਲ ਹਵਾਈ ਅੱਡੇ ਦੇ ਆਲੇ-ਦੁਆਲੇ ਹੋ ਤਾਂ ਕਿਸੇ ਸੁਰੱਖਿਅਤ ਜਗ੍ਹਾ ‘ਤੇ ਚਲੇ ਜਾਓ।
ਉੱਥੇ ਬ੍ਰਿਟੇਨ ਨੇ ਵੀ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਤੁਰੰਤ ਅਫਗਾਨਿਸਤਾਨ ਛੱਡ ਦੇਣ ਜਾਂ ਅਗਲੇ ਆਦੇਸ਼ ਦਾ ਇੰਤਜ਼ਾਰ ਕਰਨ।