ਗ੍ਰੀਸ ਨੇ ਸਰਹੱਦ ‘ਤੇ ਬਣਾਈ 40 ਕਿਲੋਮੀਟਰ ਲੰਬੀ ਕੰਧ, ਅਫ਼ਗ਼ਾਨ ਸ਼ਰਨਾਰਥੀਆਂ ਨੂੰ ਰੋਕਣ ਦਾ ਉਪਰਾਲਾ

TeamGlobalPunjab
2 Min Read

ਏਥਨਸ : ਅਫ਼ਗ਼ਾਨੀ ਸ਼ਰਨਾਰਥੀਆਂ ਨੂੰ ਰੋਕਣ ਲਈ ਤੁਰਕੀ ਤੋਂ ਬਾਅਦ ਹੁਣ ਗ੍ਰੀਸ ਨੇ ਵੀ ਆਪਣੀ ਸਰਹੱਦ ਤੇ ਕੰਧ ਬਣਾ ਲਈ ਹੈ। ਗ੍ਰੀਸ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਨੇ ਸ਼ਰਨਾਰਥੀਆਂ ਨੂੰ ਯੂਰਪ ‘ਚ ਆਉਣੋਂ ਰੋਕਣ ਲਈ ਤੁਰਕੀ ਨਾਲ ਲੱਗਦੀ ਸਰਹੱਦ ‘ਤੇ 40 ਕਿਲੋਮੀਟਰ ਲੰਬੀ ਕੰਧ ਬਣਾਈ ਹੈ। ਇਸ ਤੋਂ ਇਲਾਵਾ ਨਵੀਂ ਨਿਗਰਾਨੀ ਪ੍ਰਣਾਲੀ ਵੀ ਸਥਾਪਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤੁਰਕੀ ਵੀ ਅਫ਼ਗਾਨ ਸ਼ਰਨਾਰਥੀਆਂ ਨੂੰ ਰੋਕਣ ਲਈ ਆਪਣੀ ਸਰਹੱਦ ‘ਤੇ 295 ਕਿਲੋਮੀਟਰ ਲੰਬੀ ਕੰਕਰੀਟ ਦੀ ਦੀਵਾਰ ਖੜੀ ਕਰ ਚੁੱਕਾ ਹੈ।

       ਦਰਅਸਲ ਅਫ਼ਗਾਨਿਸਤਾਨ ਦੀਆਂ ਘਟਨਾਵਾਂ ਨਾਲ ਯੂਰਪੀ ਸੰਘ ਨੂੰ 2015 ਦੇ ਸ਼ਰਨਾਰਥੀ ਸੰਕਟ ਦੇ ਦੁਹਰਾਏ ਜਾਣ ਦਾ ਡਰ ਸਤਾ ਰਿਹਾ ਹੈ। ਉਸ ਸਮੇਂ ਪੱਛਮੀ ਏਸ਼ੀਆ ‘ਚ ਜੰਗ ਅਤੇ ਗ਼ਰੀਬੀ ਕਾਰਨ ਕਰੀਬ 10 ਲੱਖ ਲੋਕ ਤੁਰਕੀ ਦੀ ਸਰਹੱਦ ਪਾਰ ਕਰਕੇ ਗ੍ਰੀਸ ਚਲੇ ਗਏ ਸਨ। ਫਿਰ ਉੱਥੋਂ ਹੋਰ ਖ਼ੁਸ਼ਹਾਲ ਦੇਸ਼ਾਂ ਵੱਲ ਵਧ ਗਏ।

ਗ੍ਰੀਸ ਉਸ ਸੰਕਟ ਵੇਲੇ ਅਗਲੇ ਮੋਰਚੇ ‘ਤੇ ਸੀ। ਉਸ ਨੇ ਕਿਹਾ ਕਿ ਉਸ ਨੇ ਸਰਹੱਦ ‘ਤੇ ਆਪਣੇ ਬਲ ਮੁਸਤੈਦ ਕੀਤੇ ਹੋਏ ਹਨ, ਜਿਹੜੇ ਇਹ ਯਕੀਨੀ ਬਣਾਉਣਗੇ ਕਿ ਗ੍ਰੀਸ ਫਿਰ ਤੋਂ ਯੂਰਪ ਦਾ ਪ੍ਰਵੇਸ਼ ਦੁਆਰ ਨਾ ਬਣੇ।

ਨਾਗਰਿਕ ਸੁਰੱਖਿਆ ਮੰਤਰੀ ਮਿਚਾਲਿਸ ਕ੍ਰਿਸੋਕਵਾਈਡਿਸ ਨੇ ਰੱਖਿਆ ਮੰਤਰੀ ਤੇ ਹੋਰ ਬਲਾਂ ਦੇ ਮੁਖੀ ਨਾਲ ਸ਼ੁੱਕਰਵਾਰ ਨੂੰ ਇਵਰੋਜ ਇਲਾਕੇ ਦਾ ਦੌਰਾ ਕੀਤਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਫ਼ਗਾਨ ਸੰਕਟ ਨਾਲ ਸ਼ਰਨਾਰਥੀਆਂ ਦੇ ਆਉਣ ਦਾ ਖ਼ਦਸ਼ਾ ਵਧ ਗਿਆ ਹੈ। ਅਸੀਂ ਇਸ ਦਾ ਅਸਰ ਹੋਣ ਤਕ ਉਡੀਕ ਨਹੀਂ ਕਰ ਸਕਦੇ। ਸਾਡੀਆਂ ਸਰਹੱਦਾਂ ਸੁਰੱਖਿਅਤ ਬਣੀਆਂ ਰਹਿਣਗੀਆਂ। ਲੋਕ ਇਸ ਨੂੰ ਪਾਰ ਨਹੀਂ ਕਰ ਸਕਣਗੇ।

ਮਿਚਾਲਿਸ ਨੇ ਕਿਹਾ ਕਿ 12.5 ਕਿਲੋਮੀਟਰ ਦੀਵਾਰ ਨਿਗਰਾਨੀ ਪ੍ਰਣਾਲੀ ਵੀ ਲਗਾਈ ਗਈ ਹੈ। ਪਰਵਾਸੀ ਗ੍ਰੀਸ ‘ਚ ਜ਼ਮੀਨ ਜਾਂ ਸਮੁੰਦਰ ਰਸਤੇ ਦਾਖ਼ਲ ਹੁੰਦੇ ਹਨ। 2016 ਤੋਂ ਇਸ ਦੀ ਪ੍ਰਕਿਰਿਆ ਮੱਠੀ ਪੈ ਗਈ ਹੈ, ਜਦੋਂ ਯੂਰਪੀ ਸੰਘ ਨੇ ਇਸ ਬਾਰੇ ਤੁਰਕੀ ਨਾਲ ਇਕ ਸਮਝੌਤਾ ਕੀਤਾ ਸੀ।

Share This Article
Leave a Comment