ਕਿੰਨੌਰ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਬੱਸ ਅਤੇ ਹੋਰ ਵਾਹਨਾਂ ਦੇ ਮਲਬੇ ਦੀ ਲਪੇਟ ਵਿੱਚ ਆਉਣ ਨਾਲ ਵੱਡਾ ਹਾਦਸਾ ਵਾਪਰ ਗਿਆ। ਕਿੰਨੌਰ ‘ਚ ਪਹਾੜ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਤੱਕ ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13 ਹੋਰ ਨੂੰ ਬਚਾ ਲਿਆ ਗਿਆ ਹੈ। ਉਥੇ ਹੀ, 25-30 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਬਚਾਅ ਅਭਿਆਨ ਵਿੱਚ ਆਈਟੀਬੀਪੀ ਦੇ ਨਾਲ ਹੀ ਫੌਜ, ਐੱਨਡੀਆਰਐੱਫ, ਸੀਆਈਐੱਸਐੱਫ ਦੇ ਜਵਾਨ ਲੱਗੇ ਹੋਏ ਹਨ।
ਮਲਬੇ ਦੀ ਲਪੇਟ ਵਿਚ ਲਗਭਗ 6 ਛੋਟੇ ਵਾਹਨਾਂ ਦੇ ਨਾਲ ਹੀ ਸਵਾਰੀਆਂ ਨਾਲ ਭਰੀ ਇਕ ਬੱਸ ਵੀ ਆ ਗਈ ਜਿਸ ਵਿੱਚ 24 ਲੋਕ ਸਵਾਰ ਸਨ। ਸਤਲੁਜ ਨਦੀ ਕੋਲੋਂ ਬੱਸ ਦੇ ਟੁਕੜੇ ਮਿਲੇ ਹਨ ਤੇ ਬਲੈਰੋ ਦਾ ਹਾਲੇ ਕੁਝ ਪਤਾ ਨਹੀਂ ਲੱਗਿਆ।
ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਵਾਹਨ ਮਲਬੇ ਨਾਲ ਸਤਲੁਜ ਨਦੀ ਵਿਚ ਜਾ ਡਿੱਗੇ ਹਨ। ਉਧਰ ਰਾਤ ਲਗਭਗ ਸਾਢੇ ਅੱਠ ਵਜੇ ਤੱਕ ਕਿੰਨੌਰ ਲਈ ਜਾਣ ਵਾਲੀ ਸੜਕ ਤੋਂ ਮਲਬਾ ਸਾਫ਼ ਕਰ ਦਿੱਤਾ ਗਿਆ ਸੀ, ਪਰ ਆਵਾਜਾਈ ਬਹਾਲ ਨਹੀਂ ਕੀਤੀ ਗਈ।