ਨਵੀਂ ਦਿੱਲੀ : ਟੋਕਿਓ ਓਲੰਪਿਕ ਵਿੱਚ ਦੇਸ਼ ਲਈ ਇਕਲੌਤਾ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਭਲਕੇ ਦੇਸ਼ ਪਰਤ ਰਹੇ ਹਨ। ਨੀਰਜ ਦੇ ਜ਼ੋਰਦਾਰ ਸੁਆਗਤ ਲਈ ਤਿਆਰੀਆਂ ਲਗਾਤਾਰ ਚੱਲ ਰਹੀਆਂ ਹਨ। ਨੀਰਜ ਦੇ ਘਰ ਵਿਖੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਇਸ ਵਿਚਾਲੇ ਨੀਰਜ ਚੋਪੜਾ ਨੇ 13 ਦਿਨਾਂ ਤੋਂ ਬਾਅਦ ਆਪਣਾ ਪਹਿਲਾ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਨੀਰਜ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ।
26 ਜੁਲਾਈ ਤੋਂ ਬਾਅਦ ਨੀਰਜ ਦਾ ਇਹ ਪਹਿਲਾ ਟਵੀਟ ਹੈ। ਨੀਰਜ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਂ ਅਜੇ ਵੀ ਇਸ ਭਾਵਨਾ ਨੂੰ ਮਹਿਸੂਸ ਕਰ ਰਿਹਾ ਹਾਂ। ਪੂਰੇ ਭਾਰਤ ਅਤੇ ਉਸਤੋਂ ਬਾਹਰ, ਤੁਹਾਡੇ ਸਮਰਥਨ ਅਤੇ ਅਸ਼ੀਰਵਾਦ ਲਈ ਤੁਹਾਡਾ ਬਹੁਤ ਧੰਨਵਾਦ, ਜਿਸਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਹੈ। ਇਹ ਪਲ ਹਮੇਸ਼ਾ ਮੇਰੇ ਨਾਲ ਰਹੇਗਾ।’
Still processing this feeling. To all of India and beyond, thank you so much for your support and blessings that have helped me reach this stage.
This moment will live with me forever 🙏🏽🇮🇳 pic.twitter.com/BawhZTk9Kk
— Neeraj Chopra (@Neeraj_chopra1) August 8, 2021
ਦੱਸ ਦੇਈਏ ਕਿ ਟੋਕਿਓ ਓਲੰਪਿਕ ਵਿੱਚ ਬੀਤੇ ਰੋਜ਼ ਨੀਰਜ ਨੇ 87.58 ਮੀਟਰ ਦੂਰ ਜੈਵਲਿਨ ਸੁੱਟ ਕੇ ਇਤਿਹਾਸ ਰਚਿਆ ਹੈ। ਫਾਈਨਲ ਵਿੱਚ, ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਜੈਵਲਿਨ 87.03 ਮੀਟਰ ਸੁੱਟਿਆ ਸੀ ਅਤੇ ਉਹ ਸ਼ੁਰੂ ਤੋਂ ਹੀ ਅੱਗੇ ਸੀ। ਇਸ ਦੇ ਨਾਲ ਹੀ ਦੂਜੀ ਕੋਸ਼ਿਸ਼ ਵਿੱਚ ਨੀਰਜ ਨੇ 87.58 ਮੀਟਰ ਜੈਵਲਿਨ ਸੁੱਟਿਆ। ਇਥੋਂ ਹੀ ਉਸ ਦੇ ਸੋਨ ਤਮਗੇ ਦੀ ਪੁਸ਼ਟੀ ਹੋਈ ਸੀ। ਨੀਰਜ ਦਾ ਇਹ ਮੈਡਲ ਟਰੈਕ ਐਂਡ ਫੀਲਡ ਪ੍ਰਤਿਯੋਗਿਤਾ ਵਿੱਚ ਦੇਸ਼ ਦਾ ਪਹਿਲਾ ਮੈਡਲ ਹੈ।