ਨਿਊਜ਼ ਡੈਸਕ: ਆਲੂ, ਗੋਭੀ ਦੇ ਪਰੌਂਠੇ ਹੋਣ ਜਾਂ ਫਿਰ ਦਾਲ ਮੱਖਣੀ ਬਣਾਉਣੀ ਹੋਵੇ, ਮੱਖਣ ਤੋਂ ਬਗੈਰ ਹਰ ਚੀਜ਼ ਦਾ ਸਵਾਦ ਅਧੂਰਾ ਲੱਗਦਾ ਹੈ। ਪੰਜਾਬ ਦੇ ਜ਼ਿਆਦਾਤਰ ਪਕਵਾਨ ਬਣਾਉਂਦੇ ਸਮੇਂ ਮੱਖਣ ਦਾ ਇਸਤੇਮਾਲ ਜ਼ਰੂਰ ਕੀਤਾ ਜਾਂਦਾ ਹੈ। ਅਕਸਰ ਘਰ ‘ਚ ਕਈ ਵਾਰ ਮੱਖਣ ਵਰਤਣ ਤੋਂ ਬਾਅਦ ਬਚ ਜਾਂਦਾ ਹੈ। ਇਸ ਨੂੰ ਜੇਕਰ ਸਹੀ ਤਰੀਕੇ ਨਾਲ ਸਟੋਰ ਨਾਂ ਕੀਤਾ ਜਾਵੇ ਤਾਂ ਉਹ ਜਲਦੀ ਖ਼ਰਾਬ ਹੋ ਸਕਦਾ ਹੈ। ਅਜਿਹੇ ‘ਚ ਬਚੇ ਹੋਏ ਮੱਖਣ ਨੂੰ ਰੈਫਰੀਜਰੇਟਰ ‘ਚ ਇੱਕ ਜਾਂ ਦੋ ਮਹੀਨੇ ਤੱਕ ਸਟੋਰ ਕਰਨ ਲਈ ਤੁਸੀਂ ਇਹ ਟਿਪਸ ਅਪਣਾ ਸਕਦੇ ਹੋ।
-ਮੱਖਣ ਨੂੰ ਸਟੋਰ ਕਰਨ ਲਈ ਤੁਸੀਂ ਐਲਮੀਨਿਅਮ ਫਾਇਲ ਪੇਪਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਏਅਰ ਟਾਈਟ ਡੱਬੇ ਵਿੱਚ ਮੱਖਣ ਨੂੰ ਐਲਮੀਨਿਅਮ ਪੇਪਰ ਵਿੱਚ ਲਪੇਟ ਕੇ ਰੱਖੋ। ਅਜਿਹਾ ਕਰਕੇ ਤੁਸੀਂ ਮੱਖਣ ਨੂੰ ਦੋ ਮਹੀਨੇ ਤੱਕ ਸਟੋਰ ਕਰ ਸਕਦੇ ਹੋ।
-ਰੈਫਰੀਜਰੇਟਰ ਵਿੱਚ ਮੱਖਣ ਨੂੰ ਸਟੋਰ ਕਰਦੇ ਸਮੇਂ ਉਸ ਨੂੰ ਹੋਰ ਖਾਣੇ ਦੀਆਂ ਚੀਜ਼ਾਂ ਤੋਂ ਦੂਰ ਰੱਖੋ, ਕਿਉਂਕਿ ਹੋਰ ਖਾਣ ਦੀਆਂ ਚੀਜ਼ਾਂ ਰੱਖਣ ਨਾਲ ਮੱਖਣ ਉਸ ਦੀ ਮਹਿਕ ਅਤੇ ਸਵਾਦ ਨੂੰ ਖਿੱਚ ਲੈਂਦਾ ਹੈ। ਜਿਸ ਨਾਲ ਮੱਖਣ ਦਾ ਸਵਾਦ ਖਰਾਬ ਹੋ ਸਕਦਾ ਹੈ ਅਜਿਹੇ ਵਿਚ ਮੱਖਣ ਨੂੰ ਫਰਿੱਜ ‘ਚ ਹੋਰ ਖਾਣ ਦੀਆਂ ਚੀਜ਼ਾਂ ਤੋਂ ਅਲੱਗ ਹੀ ਰੱਖਣਾ ਚਾਹੀਦਾ ਹੈ।
-ਇੱਕ ਹੋਰ ਤਰੀਕਾ ਇਹ ਹੈ ਕਿ ਮੱਖਣ ਨੂੰ ਇਸਤੇਮਾਲ ਕਰਨ ਤੋਂ ਤੁਰੰਤ ਬਾਅਦ ਰੈਫਰੀਜਰੇਟਰ ਵਿੱਚ ਰੱਖ ਦਵੋ। ਜ਼ਿਆਦਾ ਦੇਰ ਤੱਕ ਖੁੱਲ੍ਹਾ ਮੱਖਣ ਬਾਹਰ ਰੱਖਣ ਨਾਲ ਉਸ ਵਿੱਚ ਬੈਕਟੀਰੀਆ ਬਣਨ ਲਗਦੇ ਹਨ। ਜਿਸ ਤੋਂ ਬਾਅਦ ਉਸ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ।
-ਮੱਖਣ ਨੂੰ ਗਲਤ ਅਤੇ ਗੰਦੇ ਕੰਟੇਨਰ ਵਿੱਚ ਸਟੋਰ ਕਰਨ ਨਾਲ ਉਹ ਜਲਦੀ ਪਿਘਲ ਜਾਂਦਾ ਹੈ। ਹਵਾ ਅਤੇ ਰੋਸ਼ਨੀ ਦੋਵਾਂ ਦੇ ਸੰਪਰਕ ਵਿੱਚ ਆਉਣ ਨਾਲ ਮੱਖਣ ਜਲਦੀ ਖ਼ਰਾਬ ਹੋਣ ਲੱਗਦਾ ਹੈ। ਮੱਖਣ ਨੂੰ ਕਦੇ ਵੀ ਪਲਾਸਟਿਕ ਨਾਲ ਲਪੇਟਣ ਦੀ ਗ਼ਲਤੀ ਨਾਂ ਕਰੋ।