ਵਾਸ਼ਿੰਗਟਨ : ਅਮਰੀਕਾ ਤੋਂ ਇੱਕ ਦੁਖਦਾਈ ਖਬਰ ਮਿਲੀ ਹੈ।ਆਏ ਦਿਨ ਵਿਦੇਸ਼ ‘ਚ ਭਾਰਤੀ ਮੂਲ ਦੇ ਕਈ ਨੌਜਵਾਨਾਂ ਦੀ ਹਾਦਸਿਆਂ ‘ਚ ਮੌਤ ਹੋ ਰਹੀ ਹੈ।ਅਮਰੀਕਾ ਦੇ ਅਰੀਜ਼ੋਨਾ ‘ਚ ਹਾਈਵੇਅ ‘ਤੇ ਟਰੱਕ ਦੇ ਪਲਟਣ ਕਾਰਨ 37 ਸਾਲਾਂ ਨਿਰਮਲ ਸਿੰਘ ਦੀ ਮੌਤ ਹੋ ਗਈ। ਇਹ ਜਾਣਕਾਰੀ ਟਰੱਕ ਡਰਾਈਵਰ ਨਿਰਮਲ ਸਿੰਘ ਦੇ ਦੋਸਤਾਂ ਨੇ ਦਿੱਤੀ ਹੈ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਨਿਰਮਲ ਸਿੰਘ ਪਰਿਵਾਰ ‘ਚ ਇਕਲੌਤੇ ਕਮਾਉਣ ਵਾਲੇ ਸਨ ਜੋ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਤੋਂ ਦੂਰ ਇੰਡੀਆਨਾ ‘ਚ ਰਹਿ ਰਹੇ ਸਨ।
ਫਲੈਗਸਟਾਫ ਦੇ ਨੇੜੇ ਹਾਈਵੇਅ-40 ‘ਤੇ ਸੋਮਵਾਰ ਦੇਰ ਰਾਤ ਕਰੀਬ 11 ਵਜੇ ਕਰੀਬ ਇਹ ਹਾਦਸਾ ਵਾਪਰਿਆ। ਨਿਰਮਲ ਸਿੰਘ ਟਰੱਕ ‘ਚ ਸਮਾਨ ਲੋਡ ਕਰਕੇ ਜੋਰਜੀਆ ਤੋਂ ਕੈਲੀਫੋਰਨੀਆ ਲੈ ਕੇ ਜਾ ਰਿਹਾ ਸੀ । ਨਿਰਮਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਨਾਲ ਵਾਹਨ ‘ਚ ਸਵਾਰ ਰਾਹੁਲ ਦਾ ਇਕ ਸਥਾਨਕ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ। ਰਾਹੁਲ ਅੰਬਾਲਾ ਦਾ ਨਿਵਾਸੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਿਰਮਲ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਅਤੇ 11 ਸਾਲ ਦੀ ਧੀ ਹੈ। ਦੋਵੇਂ ਕਰਨਾਲ ‘ਚ ਹੀ ਰਹਿੰਦੇ ਹਨ। ਪਿਛਲੇ ਸਾਲ ਨਿਰਮਲ ਦੇ 14 ਸਾਲਾ ਪੁੱਤਰ ਦੀ ਵੀ ਸੜਕ ਹਾਦਸੇ ਵਿਚ ਮੋਤ ਹੋ ਗਈ ਸੀ। ਕੋਵਿਡ-19 ਅਤੇ ਤਾਲਾਬੰਦੀ ਕਾਰਨ ਉਹ ਘਰ ਵਾਪਸ ਨਹੀਂ ਜਾ ਸਕਦੇ ਸਨ ਅਤੇ ਇਸ ਸਾਲ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਸਨ। ਅਮਰੀਕਾ ‘ਚ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ‘ਗੋਫੰਡ ਅਭਿਆਨ’ ਸ਼ੁਰੂ ਕੀਤਾ ਹੈ।