ਵਾਸ਼ਿੰਗਟਨ : ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ ਧੋਖਾਧੜੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਤਹਿਤ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਇੰਡਿਆਨਾ ਸੂਬੇ ਦੇ ਲਵਪ੍ਰੀਤ ਸਿੰਘ ਨੂੰ 4,710 ਡਾਲਰ ਦਾ ਜ਼ੁਰਮਾਨਾ ਵੀ ਕੀਤਾ ਗਿਆ, ਜਿਸ ਨੇ ਮਾਰਚ ਮਹੀਨੇ ਦੌਰਾਨ ਮਨੀ ਲਾਂਡਰਿੰਗ ਦਾ ਦੋਸ਼ ਕਬੂਲ ਕਰ ਲਿਆ ਸੀ।
ਲਵਪ੍ਰੀਤ ਸਿੰਘ ਦੇ ਕਬੂਲਨਾਮੇ ਮੁਤਾਬਕ ਉਸ ਨੇ ਆਪਣੇ ਸਾਥੀਆਂ ਰਾਹੀਂ ਨਾਜਾਇਜ਼ ਤਰੀਕੇ ਨਾਲ ਕਮਾਇਆ ਪੈਸਾ ਹਾਸਲ ਕੀਤਾ ਅਤੇ ਇਸ ਨੂੰ ਅੱਗੇ ਵੰਡਿਆ। ਇਸ ਦੇ ਨਾਲ ਹੀ ਉਸ ਨੇ ਨਾਜਾਇਜ਼ ਹਥਿਆਰ ਵੀ ਆਪਣੇ ਕੋਲ ਰੱਖਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਾਲ 2015 ਤੋਂ 2018 ਤੱਕ ਲਗਾਤਾਰ ਲਵਪ੍ਰੀਤ ਸਿੰਘ ਨੇ ਅਮਰੀਕਾ ਅਤੇ ਭਾਰਤ ਵਿਚ ਮੌਜੂਦ 9 ਸਾਥੀਆਂ ਨਾਲ ਵਾਇਰ ਫਰੋਡ, ਮੇਲ ਫ਼ਰੋਡ ਅਤੇ ਬੈਂਕ ਫਰੋਡ ਤੋਂ ਇਲਾਵਾ ਲੋਕਾਂ ਦੀ ਸ਼ਨਾਖ਼ਤ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਲਵਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਅਮਰੀਕਾ ‘ਚ ਵਸਦੇ ਲੋਕਾਂ ਦੇ ਟੈਲੀਫ਼ੋਨ ਨੰਬਰ ਅਤੇ ਈਮੇਲ ਪਤੇ ਹਾਸਲ ਕਰਦੇ ਤੇ ਇਸ ਮਗਰੋਂ ਉਨ੍ਹਾਂ ਨਾਲ ਸੰਪਰਕ ਸਥਾਪਤ ਕੀਤਾ ਜਾਂਦਾ। ਇਸ ਤੋਂ ਇਲਾਵਾਂ ਇਨ੍ਹਾਂ ਵਲੋਂ ਅਮਰੀਕਾ ਦੇ ਮਿਸੀਸਿਪੀ ਸੂਬੇ ‘ਚ ਵਰਲਡ ਟੈਕ ਅਸਿਸਟੇਂਸ ਅਤੇ ਯੂ.ਐਸ਼ ਸਪੋਰਟ ਇਨਕਾਰਪੋਰੇਸ਼ਨ ਨਾਂ ਵਾਲੀਆਂ ਕੰਪਨੀਆਂ ਵੀ ਬਣਾਈਆਂ। ਇਨ੍ਹਾਂ ਵੱਲੋਂ ਭਾਰਤ ਵਿਚ ਮੌਜੂਦ ਕਾਲ ਸੈਂਟਰਾਂ ਰਾਹੀ ਅਮਰੀਕਾ ਵਾਸੀਆਂ ਨੂੰ ਫੋਨ ਕਰਵਾ ਕੇ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਡਰਾਇਆ ਜਾਂਦਾ ਤੇ ਲੋਕਾਂ ਤੋਂ ਆਨਲਾਈਨ ਜਾਂ ਚੈਕ ਦੇ ਰੂਪ ਵਿਚ ਰਕਮ ਪ੍ਰਾਪਤ ਕੀਤੀ ਜਾਂਦੀ ਜਦਕਿ ਕਈ ਵਾਰ ਪੀੜਤਾਂ ਦੇ ਬੈਂਕ ਖਾਤਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ।